ਲੰਡਨ ਹਾਊਸ ’ਚ ਅੱਗ, ਡਾ. ਅਜੈ ਰਾਵਤ ਦੀ ਭੈਣ ਦੀ ਮੌਤ

0
154

ਨੈਨੀਤਾਲ : ਇੱਥੇ ਇੱਕ ਵਿਰਾਸਤੀ ਇਮਾਰਤ ਵਿੱਚ ਅੱਗ ਲੱਗਣ ਕਾਰਨ 82 ਸਾਲਾ ਸ਼ਾਂਤਾ ਬਿਸ਼ਟ ਦੀ ਮੌਤ ਹੋ ਗਈ, ਜੋ ਕਿ ਪ੍ਰਸਿੱਧ ਇਤਿਹਾਸਕਾਰ ਤੇ ਵਾਤਾਵਰਨ ਪ੍ਰੇਮੀ ਡਾ. ਅਜੈ ਰਾਵਤ ਦੀ ਭੈਣ ਹੈ। ਅੱਗ ਬੁੱਧਵਾਰ ਰਾਤ ਕਰੀਬ 10 ਵਜੇ ਲੱਗੀ ਅਤੇ ਉਸ ’ਤੇ ਰਾਤ 2 ਵਜੇ ਤੱਕ ਕਾਬੂ ਪਾਇਆ ਗਿਆ। ਸ਼ਾਂਤਾ ਬਿਸ਼ਟ ਦਾ ਪੁੱਤਰ ਨਿਖਿਲ ਬਿਸ਼ਟ, ਜੋ ਕਿਸੇ ਤਰ੍ਹਾਂ ਇਮਾਰਤ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ, ਬਾਹਰ ਆਉਂਦੇ ਹੀ ਬੇਹੋਸ਼ ਹੋ ਗਿਆ। ਪੁਰਾਣੀ ਲੰਡਨ ਹਾਊਸ ਦੀ ਇਮਾਰਤ 1863 ਵਿੱਚ ਬਣਾਈ ਗਈ ਸੀ, ਜਦੋਂ ਨੈਨੀਤਾਲ ਨੂੰ ਸੰਯੁਕਤ ਪ੍ਰਾਂਤਾਂ ਦੀ ਗਰਮੀਆਂ ਦੀ ਰਾਜਧਾਨੀ ਵਜੋਂ ਵਿਕਸਤ ਕੀਤਾ ਗਿਆ ਸੀ। ਇਹ ਇਮਾਰਤ ਡਾ. ਰਾਵਤ ਦੀ ਭੈਣ ਦੀ ਰਿਹਾਇਸ਼ ਸੀ। ਸ਼ਾਂਤਾ ਬਿਸ਼ਟ ਦੀ ਭੈਣ ਕਰਣਲਤਾ ਰਾਵਤ ਦੀ ਵੀ 2020 ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ। ਨਿਖਿਲ ਬਿਸ਼ਟ ਇੱਕ ਕਲਾ ਨਿਰਦੇਸ਼ਕ ਹੈ, ਜਿਸ ਨੇ ‘ਬਰਫ਼ੀ’ ਸਮੇਤ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ।