ਸੁਲਤਾਨਪੁਰ ਲੋਧੀ ’ਚ ਲੋਕਾਂ ਨੂੰ ਬਚਾਉਣ ਲਈ ਫੌਜ ਤਲਬ

0
119

ਸੁਲਤਾਨਪੁਰ ਲੋਧੀ : ਡੀ ਸੀ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਵੀਰਵਾਰ ਸੁਲਤਾਨਪੁਰ ਲੋਧੀ ਵਿੱਚ ਹੜ੍ਹ ਦੀ ਭਿਆਨਕ ਸਥਿਤੀ ਨਾਲ ਨਜਿੱਠਣ ਲਈ ਫੌਜ ਸੱਦ ਲਈ। ਬਾਅਦ ਦੁਪਹਿਰ ਫੌਜ ਨੇ ਬਾਊਪੁਰ ਪਹੁੰਚ ਕੇ ਹੜ੍ਹ ਪੀੜਤਾਂ ਨੂੰ ਬਚਾਉਣ ਲਈ ਮੋਰਚਾ ਸੰਭਾਲ ਲਿਆ। ਪੰਚਾਲ ਨੇ ਦੱਸਿਆ ਕਿ ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਨਿਕਾਸੀ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਫੌਜ ਸੱਦੀ ਹੈ।
ਇਸੇ ਦੌਰਾਨ ਸਵੇਰੇ ਬਿਆਸ ਦਰਿਆ ਵਿਚ ਪਾਣੀ 2.30 ਲੱਖ ਕਿਊਸਿਕ ਤੱਕ ਵਧ ਗਿਆ, ਜਿਸ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰਾਂ ਦੇ ਡੁੱਬੇ ਹੋਏ ਪਿੰਡਾਂ ਵਿੱਚ ਰਹਿਣ ਵਾਲੇ 2000 ਲੋਕਾਂ ਦੀਆਂ ਜਾਨਾਂ ਖਤਰੇ ਵਿੱਚ ਪੈ ਗਈਆਂ ਹਨ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਸਮਰਥਕਾਂ ਅਤੇ ਪ੍ਰਸ਼ਾਸਨ ਨੇ ਹੜ੍ਹ ਵਿੱਚ ਘਿਰੇ ਪਰਵਾਰਾਂ ਨੂੰ ਘਰ ਖਾਲੀ ਕਰਨ ਲਈ ਜ਼ੋਰ ਪਾਇਆ ਹੈ। ਜਿਹੜੇ ਪਰਵਾਰ ਪਹਿਲਾਂ ਆਪਣੇ ਘਰਾਂ ਨੂੰ ਛੱਡਣ ਤੋਂ ਝਿਜਕਦੇ ਸਨ, ਹੁਣ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਰਾਜ਼ੀ ਹੋ ਗਏ ਹਨ। ਲੋਕਾਂ ਦਾ ਕਹਿਣਾ ਸੀ ਕਿ ਜੇ ਉਹ ਘਰ-ਬਾਰ ਛੱਡਦੇ ਹਨ ਤਾਂ ਚੋਰੀ ਹੋਣ ਦਾ ਡਰ ਸੀ। ਸੀਚੇਵਾਲ ਨੇ ਕਿਹਾ ਕਿ ਮੋਟਰ ਕਿਸ਼ਤੀਆਂ ਦੀ ਘਾਟ ਹੈ ਅਤੇ 8 ਕਿਸ਼ਤੀਆਂ ਏਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੱਢਣ ਲਈ ਨਾਕਾਫੀ ਹਨ। ਉਧਰ, ਧੁੱਸੀ ਬੰਨ੍ਹ ਦੇ ਅੰਦਰ ਕਿਸਾਨਾਂ ਵੱਲੋਂ ਬਣਾਏ ਗਏ ਅਸਥਾਈ ਬੰਨ੍ਹ ਵਿੱਚ ਪਾੜ 700 ਫੁੱਟ ਤੱਕ ਚੌੜਾ ਹੋ ਗਿਆ ਹੈ। ਮੰਡ ਇਲਾਕੇ ਵਿੱਚ ਆਏ ਹੜ੍ਹ ਕਾਰਨ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ। ਬਿਆਸ ਦਰਿਆ ਵਿੱਚ 2 ਲੱਖ 30 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਵਗਣ ਨਾਲ ਹਾਲਾਤ ਕੰਟਰੋਲ ਵਿੱਚ ਕਰਨ ਲਈ ਬਾਅਦ ਦੁਪਹਿਰ ਫੌਜ ਤਾਇਨਾਤ ਕਰ ਦਿੱਤੀ ਗਈ। ਫੌਜ ਦੀਆਂ ਗੱਡੀਆਂ ਵਿੱਚ ਕਿਸ਼ਤੀਆਂ ਅਤੇ ਹੜ੍ਹ ਨਾਲ ਨਜਿੱਠਣ ਲਈ ਸਾਜ਼ੋ-ਸਮਾਨ ਲੱਦਿਆ ਹੋਇਆ ਹੈ। ਬਾਊਪੁਰ ਅਤੇ ਸਗਾਂਰਾ ਪਿੰਡਾਂ ਵਿੱਚੋਂ ਲੋਕਾਂ ਨੂੰ ਵੱਡੀ ਪੱਧਰ ’ਤੇ ਸੁਰੱਖਿਅਤ ਥਾਵਾਂ ’ਤੇ ਕੱਢਿਆ ਜਾ ਰਿਹਾ ਹੈ।