ਨਵੀਂ ਦਿੱਲੀ : ਸ਼ੁੱਕਰਵਾਰ ਡਾਲਰ 88 ਰੁਪਏ ਤੋਂ ਟੱਪ ਜਾਣ ਤੋਂ ਬਾਅਦ ਲੋਕਾਂ ਨੇ ਉਹ ਦਿਨ ਚੇਤੇ ਕਰਾਉਣੇ ਸ਼ੁਰੂ ਕਰ ਦਿੱਤੇ ਹਨ, ਜਦ ਭਾਜਪਾ ਆਗੂ ਯੂ ਪੀ ਏ ਸਰਕਾਰ ਵੇਲੇ 2013 ਵਿੱਚ ਡਾਲਰ 62 ਰੁਪਏ ਦਾ ਹੋਣ ’ਤੇ ਟਾਂਚਾਂ ਕਰਦੇ ਸਨ। ਸ਼ੁੱਕਰਵਾਰ 89.02 ਰੁਪਏ ਦਾ ਹੋ ਗਿਆ ਸੀ। ਵਰਤਮਾਨ ਵਿੱਤ ਮੰਤਰੀ ਤੇ ਉਦੋਂ ਦੀ ਆਪੋਜ਼ੀਸ਼ਨ ਆਗੂ ਨਿਰਮਲਾ ਸੀਤਾਰਮਨ ਨੇ 2013 ਵਿੱਚ ਡਾਲਰ 62 ਰੁਪਏ ਦਾ ਹੋਣ ’ਤੇ ਕਿਹਾ ਸੀ ਕਿ ਰੁਪੱਈਏ ਦਾ ਕਮਜ਼ੋਰ ਹੋਣਾ ਚਿੰਤਾ ਜਾ ਵਿਸ਼ਾ ਹੈ। ਇੱਕ ਯੂਜ਼ਰ ਨੇ ਪੋਸਟ ਪਾਈ ਹੈ ਕਿ ਹੁਣ ਡਾਲਰ 88.22 ਰੁਪਏ ਦਾ ਹੋ ਗਿਆ, ਪਰ ਕੋਈ ਪ੍ਰੈੱਸ ਕਾਨਫਰੰਸ ਨਹੀਂ, ਚਿੰਤਾ ਨਹੀਂ, ਪ੍ਰੋਟੈੱਸਟ ਨਹੀਂ। ਇੱਕ ਹੋਰ ਸੱਜਣ ਨੇ ਨਰਿੰਦਰ ਮੋਦੀ ਦਾ 2013 ਦਾ ਟਵੀਟ ਕੱਢ ਲਿਆਂਦਾ ਹੈ, ਜਿਸ ਵਿੱਚ ਮੋਦੀ ਨੇ ਕਿਹਾ ਸੀ ਕਿ ਰੁਪੱਈਆ ਆਈ ਸੀ ਯੂ ਵਿੱਚ ਪਹੁੰਚ ਗਿਆ ਹੈ। ਉਸ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ ਅੱਛੇ ਦਿਨਾਂ ਦੇ 11 ਸਾਲਾਂ ਬਾਅਦ ਰੁਪੱਈਆ ਵੈਂਟੀਲੇਟਰ ’ਤੇ ਪਹੁੰਚ ਗਿਆ ਹੈ। ਮੋਦੀ ਨੇ ਉਦੋਂ ਵੀ ਮਨਮੋਹਨ ਸਿੰਘ ਸਰਕਾਰ ਦੀ ਖਿੱਲੀ ਉਡਾਈ ਸੀ, ਜਦੋਂ ਡਾਲਰ ਕਰੀਬ 50 ਰੁਪਏ ਦੇੇ ਲਾਗੇ-ਛਾਗੇ ਸੀ। ਇੱਕ ਯੂਜ਼ਰ ਨੇ ਕਿਹਾ ਕਿ ਜਦੋਂ ਰੁਪੱਈਆ 50 ਰੁਪਏ ਦਾ ਸੀ ਤਾਂ ਇਹ ਸੱਜਣ ਪਿੱਟ-ਸਿਆਪਾ ਕਰਦੇ ਸਨ, ਹੁਣ ਕਿੱਥੇ ਚਲੇ ਗਏ ਹਨ। ਲੋਕਾਂ ਨੇ ਫਿਲਮੀ ਅਦਾਕਾਰਾ ਜੂਹੀ ਚਾਵਲਾ ਨੂੰ ਵੀ ਲਪੇਟਿਆ ਹੈ, ਜਿਸ ਨੇ ਟਵੀਟ ਕੀਤਾ ਸੀ, ‘‘ਥੈਂਕ ਗੌਡ, ਅਪੁਨ ਕੇ ਅੰਡਰਵੀਅਰ ਕਾ ਨਾਮ ‘ਡਾਲਰ’ ਹੈ, ‘ਰੁਪੀ’ ਹੋਤਾ ਤੋ ਬਾਰ-ਬਾਰ ਗਿਰਤਾ ਰਹਤਾ। ਰੁਪਏ ਕੋ ਬਚਾਨਾ ਕਾ ਸਿਰਫ ਏਕ ਹੀ ਤਰੀਕਾ ਹੈ। ਵਹ ਡਾਲਰ ਕੋ ਰਾਖੀ ਬਾਂਧ ਦੇ ਔਰ ਕਹੇ ਕਿ ਮੇਰੀ ਰਕਸ਼ਾ ਕਰਨਾ। ਹੈਪੀ ਰਕਸ਼ਾ ਬੰਧਨ।’’ ਇੱਕ ਸੱਜਣ ਨੇ ਪੁੱਛਿਆ ਹੈ ਕਿ ਕੀ ਜੂਹੀ ਚਾਵਲਾ ਨੇ ਹੁਣ ਡਾਲਰ ਨੂੰ ਰੱਖੜੀ ਬੰਨ੍ਹਣੀ ਛੱਡ ਦਿੱਤੀ ਹੈ। ਯੋਗ ਗੁਰੂ ਰਾਮਦੇਵ ਨੇ 2013 ਵਿੱਚ ਰੁਪੱਈਏ ਦੇ ਕਮਜ਼ੋਰ ਹੋਣ ’ਤੇ ਕਾਂਗਰਸ ਨੂੰ ਭੰਡਿਆ ਸੀ। ਹੁਣ ਇੱਕ ਸੱਜਣ ਨੇ ਲਿਖਿਆ ਹੈ, ‘2013 ਵਿੱਚ ਪੌਣੀ ਅੱਖ ਵਾਲਾ ਕਾਂਗਰਸ ਨੂੰ ਭੰਡਦਾ ਸੀ। ਹੁਣ ਉਹ ਸਵਦੇਸ਼ੀ ਦੇ ਨਾਂਅ ’ਤੇ ਭਗਤਾਂ ਨੂੰ ਬੇਵਕੂਫ ਬਣਾ ਰਿਹਾ ਹੈ।’
ਪਾਕਿਸਤਾਨੀ ਜੂਨੀਅਰ ਹਾਕੀ ਟੀਮ ਭਾਰਤ ਆਏਗੀ
ਰਾਜਗੀਰ (ਬਿਹਾਰ) : ਪਾਕਿਸਤਾਨ ਦੀ ਹਾਕੀ ਟੀਮ ਇਸ ਸਾਲ ਦੇ ਅਖੀਰ ਵਿੱਚ ਇੱਥੇ ਜੂਨੀਅਰ ਵਿਸ਼ਵ ਕੱਪ ਵਿੱਚ ਹਿੱਸਾ ਲਵੇਗੀ। ਇਸ ਦੀ ਪੁਸ਼ਟੀ ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਨੇ ਕੀਤੀ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦੇ ਚੱਲਦਿਆਂ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਬਿਹਾਰ ’ਚ ਚੱਲ ਰਹੇ ਏਸ਼ੀਆ ਕੱਪ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਇੱਕ ਨੀਤੀ ਬਣਾਈ ਹੈ ਕਿ ਉਹ ਪਾਕਿਸਤਾਨ ਨਾਲ ਕੋਈ ਦੁਵੱਲੇ ਖੇਡ ਸੰਬੰਧ ਨਹੀਂ ਰੱਖੇਗੀ, ਪਰ ਭਾਰਤੀ ਟੀਮਾਂ ਨੂੰ ਕੌਮਾਂਤਰੀ ਮੁਕਾਬਲਿਆਂ ਵਿੱਚ ਪਾਕਿਸਤਾਨ ਖਿਲਾਫ ਖੇਡਣ ਤੋਂ ਨਹੀਂ ਰੋਕੇਗੀ।




