ਚੰਡੀਗੜ੍ਹ : ਭਾਰੀ ਬਾਰਸ਼ਾਂ ਕਾਰਨ ਦਰਿਆਵਾਂ ਦੇ ਪਾਣੀਆਂ ਨਾਲ ਪੰਜਾਬ ਦੇ ਅਨੇਕਾਂ ਜ਼ਿਲ੍ਹਿਆਂ ਵਿਚ ਹੋਈ ਵੱਡੀ ਤਬਾਹੀ ’ਤੇ ਪੰਜਾਬ ਸੀ ਪੀ ਆਈ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਨੇ ਪੰਜਾਬ ਤੇ ਕੇਂਦਰ ਸਰਕਾਰਾਂ ਤੋਂ ਜਾਨ-ਮਾਲ ਅਤੇ ਫਸਲਾਂ ਅਤੇ ਘਰਾਂ ਦੀ ਹੋਈ ਤਬਾਹੀ ਦਾ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪਾਰਟੀ ਨੇ ਫਸਲਾਂ ਦੀ ਪੂਰੀ ਤਬਾਹੀ ਕਾਰਨ ਪ੍ਰਤੀ ਏਕੜ ਇਕ ਲੱਖ ਰੁਪਏ ਅਤੇ ਖੇਤ ਮਜ਼ਦੂਰਾਂ ਦੇ ਪਰਵਾਰਾਂ ਲਈ 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਅਨੁਪਾਤ ਨਾਲ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਘਰਾਂ ਦੀ ਤਬਾਹੀ ਲਈ ਵੀ ਮੁੜ ਵਸੇਬੇ ਵਾਸਤੇ ਢੁਕਵੇਂ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।
ਪਾਰਟੀ ਨੇ ਕਿਹਾ ਕਿ ਇਹ ਬਰਬਾਦੀਆਂ ਏਨੀਆਂ ਨਾ ਹੁੰਦੀਆਂ ਜੇਕਰ ਸਮੇਂ ਦੀਆਂ ਸਰਕਾਰਾਂ ਬਰਸਾਤੀ ਨਾਲਿਆਂ, ਨਹਿਰਾਂ ਅਤੇ ਦਰਿਆਵਾਂ ਦੀਆਂ ਸਮੇਂ ਸਿਰ ਸਫਾਈਆਂ ਕਰਵਾਉਦੀਆਂ ਰਹਿੰਦੀਆਂ, ਪਰ ਅਜੋਕੇ ਸਮੇਂ ਵਿਚ ਜਦੋਂ ਕਾਫੀ ਗਿਣਤੀ ਵਿਚ ਲੋਕਾਂ ਦਾ ਨੁਕਸਾਨ ਹੋਇਆ ਹੈ ਤਾਂ ਸਰਕਾਰ ਅਤੇ ਸਮਾਜਿਕ ਸ਼ਕਤੀਆਂ ਨੂੰ ਮਿਲ ਕੇ ਮੁਸੀਬਤ ਦੇ ਮਾਰੇ ਲੋਕਾਂ ਦੀ ਭਰਪੂਰ ਸਹਾਇਤਾ ਕਰਨੀ ਚਾਹੀਦੀ ਹੈ।




