ਕੌਮਾਂਤਰੀ ਪੁਲਾੜ ਦਿਵਸ ’ਤੇ ਹਿਮਾਚਲ ਦੇ ਊਨਾ ਵਿੱਚ ਜਵਾਹਰ ਨਵੋਦਿਆ ਵਿਦਿਆਲਾ ਦੇ ਬੱਚਿਆਂ ਨਾਲ ਗੱਲ ਕਰਨ ਗਏ ਹਮੀਰਪੁਰ ਤੋਂ ਭਾਜਪਾ ਸਾਂਸਦ, ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਦੇ ਸਪੁੱਤਰ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣਾ ਭਾਸ਼ਣ ਸੁਣਨ ਲਈ ਇਕੱਠੇ ਬੱਚਿਆਂ ਨੂੰ ਸਵਾਲ ਪੁੱਛਿਆ ਕਿ ਪੁਲਾੜ ਦੀ ਯਾਤਰਾ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਸੀ? ਸਾਰੇ ਬੱਚਿਆਂ ਨੇ ਇੱਕ ਸੁਰ ਵਿੱਚ ਕਿਹਾ : ਯੂਰੀ ਗਾਗਰਿਨ। ਬੱਚਿਆਂ ਨੂੰ ਸਲਾਹੁਣ ਦੀ ਥਾਂ ਅਨੁਰਾਗ ਨੇ ਫਰਮਾਇਆ, ‘‘ਮੈਨੂੰ ਲੱਗਦਾ ਹੈ ਕਿ ਪਹਿਲੇ ਪੁਲਾੜ ਯਾਤਰੀ ਹਨੂੰਮਾਨ ਜੀ ਸਨ।’’ ਬੱਚੇ ਚੁੱਪ ਹੋ ਗਏ ਅਤੇ ਇੱਕ-ਦੂਜੇ ਵੱਲ ਦੇਖਣ ਦੀ ਬਜਾਇ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਸੀ। ਇਸ ਤੋਂ ਬਾਅਦ ਉਹ ਬੱਚਿਆਂ ਨੂੰ ਪੜ੍ਹਾਉਣ ਵਾਲਿਆਂ ਵੱਲ ਮੁੜੇ ਅਤੇ ਕਿਹਾ ਕਿ ਉਹ ਵੀ ਜੇ ਕਿਤਾਬਾਂ ’ਚੋਂ ਨਿਕਲ ਕੇ ਵੇਦ ਤੇ ਪਰੰਪਰਾਵਾਂ ਵੱਲ ਦੇਖਣਗੇ ਤਾਂ ਕੁਝ ਨਵਾਂ ਦੇਖਣ ਨੂੰ ਮਿਲੇਗਾ।
ਗਿਆਨ, ਤਰਕ, ਵਿਵੇਕ ਤੇ ਸਮੁੱਚੇ ਮਨੁੱਖੀ ਸਮਾਜ ਦੇ ਹੁਣ ਤੱਕ ਦੇ ਹਾਸਲ ਵਿਗਿਆਨ ਨੂੰ ਇੱਕ ਘੁੱਪ ਹਨੇੇਰੀ ਗੁਫਾ ਵਿੱਚ ਧੱਕਣ ਦਾ ਪ੍ਰੋਜੈਕਟ ਅੱਜਕੱਲ੍ਹ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਚੱਲ ਰਿਹਾ ਹੈ। ਅਨੁਰਾਗ ਤੋਂ ਦੋ ਦਿਨ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਾਅਵਾ ਕੀਤਾ ਕਿ ਰਾਈਟ ਭਰਾਵਾਂ ਦੇ ਹਵਾਈ ਜਹਾਜ਼ ਬਣਾਉਣ ਦੀ ਗੱਲ ਗਲਤ ਹੈ, ਉਨ੍ਹਾਂ ਤੋਂ ਹਜ਼ਾਰਾਂ ਸਾਲ ਪਹਿਲਾਂ ਹੀ ਪੁਸ਼ਪਕ ਜਹਾਜ਼ ਬਣਾਇਆ ਤੇ ਉਡਾਇਆ ਜਾ ਚੁੱਕਾ ਸੀ। ਆਪਣੀ ਗੱਲ ਨੂੰ ਹੋਰ ਵਜ਼ਨਦਾਰ ਬਣਾਉਣ ਲਈ ਉਨ੍ਹਾ ਇਹ ਵੀ ਦਾਅਵਾ ਕੀਤਾ ਕਿ ਡਰੋਨ ਤੇ ਮਿਜ਼ਾਈਲਾਂ ਵੀ ਪਤਾ ਨਹੀਂ ਕਦੋਂ ਤੋਂ ਹਨ। ਮਹਾਭਾਰਤ ਦੀ ਲੜਾਈ ਵਿੱਚ ਇਨ੍ਹਾਂ ਦੇ ਇਸਤੇਮਾਲ ਦੇ ਸਬੂਤ ਹੋਣ ਦੀ ਗੱਲ ਉਨ੍ਹਾ ਦੱਸੀ। ਮਜ਼ੇਦਾਰ ਗੱਲ ਇਹ ਹੈ ਕਿ ਇਹ ਦਾਅਵਾ ਉਨ੍ਹਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਭੋਪਾਲ ਦੀ ਕਨਵੋਕੇਸ਼ਨ ਵਿੱਚ ਕੀਤਾ। ਉਨ੍ਹਾ ਦੇ ਇਸ ‘ਗਿਆਨ’ ਨੂੰ ਜੇ ਕੋਰਸ ਕਰਕੇ ਨਿਕਲੇ ਮਾਹਰਾਂ ਨੇ ਭੋਰਾ ਵੀ ਗੰਭੀਰਤਾ ਨਾਲ ਲੈ ਲਿਆ ਤਾਂ ਇਸ ਦੇਸ਼ ਦੀ ਨਵੀਂ ਪੀੜ੍ਹੀ ਦੀ ਵਿਗਿਆਨ ਸਿੱਖਿਆ ਦਾ ਕੀ ਹਾਲ ਹੋਵੇਗਾ, ਇਹ ਸੋਚ ਕੇ ਕੰਬਣੀ ਛਿੜਦੀ ਹੈ। ਦਰਅਸਲ ਇਸ ਤਰ੍ਹਾਂ ਦੇ ਦਾਅਵਿਆਂ ਦੀ ਸ਼ੁਰੂਆਤ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ 2014 ਵਿੱਚ ਇੱਕ ਹਸਪਤਾਲ ਦਾ ਉਦਘਾਟਨ ਕਰਨ ਵੇਲੇ ਇਹ ਇੰਕਸ਼ਾਫ ਕਰਕੇ ਕੀਤੀ ਸੀ ਕਿ ਸਭ ਤੋਂ ਪਹਿਲੀ ਸਰਜਰੀ ਭਾਰਤ ਵਿੱਚ ਹੋਈ ਸੀ ਜਦੋਂ ਗਣੇਸ਼ ਜੀ ਦੇ ਕਟੇ ਸਿਰ ਦੀ ਥਾਂ ਹਾਥੀ ਦਾ ਸਿਰ ਲਾਇਆ ਗਿਆ ਸੀ। ਇਸੇ ਮੁਹਿੰਮ ਤਹਿਤ ਮੋਦੀ ਨੇ ਕੋਰੋਨਾ ਵਾਇਰਸ ਨੂੰ ਭਜਾਉਣ ਲਈ ਘੰਟੀਆਂ ਵਜਵਾਈਆਂ ਤੇ ਥਾਲੀਆਂ ਖੜਕਵਾਈਆਂ। ਯੂ ਪੀ ਦੇ ਤੱਤਕਾਲੀ ਮੰਤਰੀ ਦਿਨੇਸ਼ ਸ਼ਰਮਾ ਨੇ ਖੋਜਬੀਨ ਕਰਕੇ ਦੱਸਿਆ ਕਿ ਸੀਤਾ ਮਟਕੇ ਵਿੱਚੋਂ ਨਹੀਂ ਨਿਕਲੀ ਸੀ, ਉਹ ਪਹਿਲੀ ਟੈਸਟ ਟਿਊਬ ਬੇਬੀ ਸੀ। ਤਿ੍ਰਪੁਰਾ ਦੇ ਪਹਿਲੇ ਭਾਜਪਾਈ ਮੁੱਖ ਮੰਤਰੀ ਵਿਪਲਵ ਕੁਮਾਰ ਦੇਬ ਨੇ ਦਾਅਵਾ ਕੀਤਾ ਸੀ ਕਿ ਇੰਟਰਨੈੱਟ ਤਾਂ ਭਾਰਤ ਵਿੱਚ ਹਜ਼ਾਰਾਂ ਸਾਲਾਂ ਤੋਂ ਹੈ। ਸੰਜੇ ਜੰਗ ਦਾ ਅੱਖੀਂ ਡਿੱਠਾ ਹਾਲ ਧਿ੍ਰਤਰਾਸ਼ਟਰ ਨੂੰ ਇਸੇ ਦੀ ਮਦਦ ਨਾਲ ਸੁਣਾਉਦਾ ਸੀ।
ਜਿਹੜੇ ਹਨੂੰਮਾਨ ਨੂੰ ਪਹਿਲਾ ਪੁਲਾੜ ਯਾਤਰੀ ਦੱਸ ਰਹੇ ਸਨ, ਉਨ੍ਹਾ ਦੇ ਬੇਟੇ ਹਿਮਾਚਲ ਦੇ ਕਿਸੇ ਗੁਰੂਕੁਲ ’ਚ ਨਹੀਂ ਪੜ੍ਹਦੇ। ਸ਼ਿਵਰਾਜ ਚੌਹਾਨ ਦੇ ਬੇਟੇ ਅਮਰੀਕਾ ਦੀ ਮਹਿੰਗੀ ਯੂਨੀਵਰਸਿਟੀ ਆਫ ਪੈਂਸਿਲਵਾਨੀਆ ਤੋਂ ਪੜ੍ਹ ਕੇ ਆਏ ਹਨ। ਲੋਕਾਂ ਨੂੰ ਹਨੇੇਰੇ ਵਿੱਚ ਧੱਕਣ ਵਾਲੇ ਆਪਣੇ ਘਰ-ਪਰਵਾਰ ਨੂੰ ਪਰ੍ਹੇ ਰੱਖਦੇ ਹਨ। ਅਨੁਰਾਗ ਦੀ ਬਕਵਾਸ ਵੇਲੇ ਨਵੋਦਿਆ ਵਿਦਿਆਲਾ ਦੇ ਪਿ੍ਰੰਸੀਪਲ ਜਾਂ ਕਿਸੇ ਟੀਚਰ ਨੇ, ਚੌਹਾਨ ਦੇ ਦਾਅਵੇ ਵੇਲੇ ਕਿਸੇ ਪ੍ਰੋਫੈਸਰ ਜਾਂ ਡਿਗਰੀ ਲੈਣ ਵਾਲੇ ਨੇ ਅਤੇ ਮੋਦੀ ਦੇ ਬੋਲਦੇ ਸਮੇਂ ਕਿਸੇ ਡਾਕਟਰ ਨੇ ਜੇ ਅਸਹਿਮਤੀ ’ਚ ਹੱਥ ਉਠਾਇਆ ਹੁੰਦਾ ਤਾਂ ਉਸ ਹਨੇਰੇ ਨੂੰ ਗਾਇਬ ਕੀਤਾ ਜਾ ਸਕਦਾ ਸੀ, ਜਿਸ ਨੂੰ ਫੈਲਾਉਣ ਲਈ ਵੱਡਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦੀਆਂ ਮਜਬੂਰੀਆਂ ਰਹੀਆਂ ਹੋਣ, ਪਰ ਗਿਆਨ, ਵਿਗਿਆਨ, ਤਰਕ ਤੇ ਵਿਵੇਕ ਨੂੰ ਬਚਾਉਣ ਲਈ ਅੱਗੇ ਆਉਣਾ ਪਏਗਾ, ਜਥੇਬੰਦ ਜਮਾਤ ਦੇ ਰੂਪ ਵਿੱਚ, ਜਾਗਰਤ ਤੇ ਸਾਹਸੀ ਗਰੁੱਪ ਦੇ ਰੂਪ ਵਿੱਚ ਤੇ ਜੇ ਲੋੜ ਪਈ ਤਾਂ ਇਕੱਲੇ ਵਿਅਕਤੀ ਦੇ ਰੂਪ ਵਿੱਚ ਵੀ; ਮੱਸਿਆ ਨੂੰ ਮੱਸਿਆ ਤੇ ਪੁੰਨਿਆ ਨੂੰ ਪੁੰਨਿਆ ਕਹਿਣਾ ਹੀ ਹੋਵੇਗਾ। ਰਾਜਾ ਜੇ ਨਿਰਵਸਤਰ ਹੈ ਤਾਂ ਉਸ ਨੂੰ ਨਿਰਵਸਤਰ ਦੱਸਣਾ ਹੀ ਪਏਗਾ। ਮਨੁੱਖੀ ਸਮਾਜ ਇੰਜ ਹੀ ਵਿਕਸਤ ਹੋਇਆ ਹੈ ਤੇ ਇੰਜ ਹੀ ਅੱਗੇ ਵਧੇਗਾ।



