ਅੰਮਿ੍ਰਤਸਰ : ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਅਕਾਲ ਤਖਤ ਵਿਖੇ ਆਪਣਾ ਪੱਖ ਰੱਖਣ ਵਾਸਤੇ ਇੱਕ ਸਤੰਬਰ ਨੂੰ ਨਿੱਜੀ ਰੂਪ ’ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਭਾਸ਼ਾ ਵਿਭਾਗ ਦੇ ਡਾਇਰੈਕਟਰ ਵੱਲੋਂ 24 ਜੁਲਾਈ ਨੂੰ ਜੰਮੂ-ਕਸ਼ਮੀਰ ਦੇ ਸ੍ਰੀਨਗਰ ਸਥਿਤ ਟੈਗੋਰ ਹਾਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਦੌਰਾਨ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਫਲਸਫੇ ਖਿਲਾਫ ਪ੍ਰੋਗਰਾਮ ਵਿੱਚ ਨਾਚ ਗਾਣਾ ਅਤੇ ਮਨੋਰੰਜਨ ਕੀਤਾ ਗਿਆ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਵੱਡੀ ਸੱਟ ਵੱਜੀ ਸੀ। ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਇਸ ਦੌਰਾਨ ਉਹ ਵਿਦੇਸ਼ ਚਲੇ ਗਏ ਸਨ ਅਤੇ ਹੁਣ ਪਰਤੇ ਹਨ। ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ੍ਰੀ ਅਕਾਲ ਤਖਤ ਤੋਂ ਤਨਖਾਹ ਲਾਈ ਜਾ ਚੁੱਕੀ ਹੈ ਅਤੇ ਉਹ ਆਪਣੀ ਤਨਖਾਹ ਪੂਰੀ ਕਰਨ ਮਗਰੋਂ ਖਿਮਾ ਯਾਚਨਾ ਦੀ ਅਰਦਾਸ ਕਰਵਾ ਚੁੱਕੇ ਹਨ। ਇਸ ਮਾਮਲੇ ਵਿੱਚ ਗਾਇਕ ਬੀਰ ਸਿੰਘ ਵੀ ਖਿਮਾ ਯਾਚਨਾ ਦੀ ਅਪੀਲ ਕਰ ਚੁੱਕੇ ਹਨ।




