ਲੁਧਿਆਣਾ (ਐੱਮ ਐੱਸ ਭਾਟੀਆ)
99 ਸਾਲ ਪੂਰੇ ਕਰਨ ਤੋਂ ਬਾਅਦ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਆਪਣੇ ਸੰਘਰਸ਼ਾਂ ਅਤੇ ਕੁਰਬਾਨੀਆਂ ਦੇ ਸ਼ਾਨਾਮੱਤਾ ਇਤਿਹਾਸ ਨਾਲ 26 ਦਸੰਬਰ 2024 ਨੂੰ 100ਵੇਂ ਸਾਲ ਵਿੱਚ ਦਾਖਲ ਹੋ ਗਈ ਹੈ। ਇਸ ਇਤਿਹਾਸਕ ਸਾਲ ਵਿੱਚ ਪਾਰਟੀ ਦੀ 25ਵੀਂ ਪਾਰਟੀ ਕਾਂਗਰਸ (ਸਿਲਵਰ ਜੁਬਲੀ ਮਹਾਂ ਸੰਮੇਲਨ) 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੀ ਹੈ, ਜਿਸ ਵਿੱਚ ਪਹਿਲੇ ਦਿਨ 21 ਸਤੰਬਰ ਨੂੰ ਮੋਹਾਲੀ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਜਨਤਕ ਰੈਲੀ ਕੀਤੀ ਜਾਣੀ ਹੈ। ਇਸ ਪਾਰਟੀ ਮਹਾਂ ਸੰਮੇਲਨ ਦੇ ਸੰਦਰਭ ਵਿੱਚ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦੇਸ਼ ਨੂੰ ਦਰਪੇਸ਼ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਕਰਨ ਦੇ ਹਿੱਸੇ ਵਜੋਂ ਪੰਜਾਬ ਵਿੱਚ ਤਿੰਨ ਥਾਵਾਂ ਤੋਂ ‘ਲੋਕ ਚੇਤਨਾ ਜੱਥਾ ਮਾਰਚ’ 21 ਅਗਸਤ ਨੂੰ, ਜਿਨ੍ਹਾਂ ਵਿੱਚੋਂ ਇੱਕ ਸ਼ਹੀਦ ਊਧਮ ਸਿੰਘ ਦੇ ਸੁਨਾਮ ਤੋਂ, ਦੂਸਰਾ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦੇ ਜੱਦੀ ਪਿੰਡ ਭਕਨਾ ਤੋਂ ਅਤੇ ਤੀਸਰਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਯਾਦਗਾਰ ਹੁਸੈਨੀਵਾਲਾ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਚੱਲੇ ਸਨ। ਹੁਸੈਨੀਵਾਲਾ ਤੋਂ ‘ਲੋਕ ਚੇਤਨਾ ਜੱਥਾ ਮਾਰਚ’ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਮੀ ਕੌਂਸਲ ਦੇ ਮੈਂਬਰ ਸਾਥੀ ਜਗਰੂਪ, ਕਾਮਰੇਡ ਨਰਿੰਦਰ ਸੋਹਲ ਅਤੇ ਸੁਖਜਿੰਦਰ ਮਹੇਸਰੀ ਨੇ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਾ ਪਾਰਟੀ ਦੇ ਆਗੂਆਂ ਨਾਲ ਮਿਲ ਕੇ ਰਵਾਨਾ ਕੀਤਾ।
ਇਹ ਜੱਥਾ ਜ਼ਿਲ੍ਹਾ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚੋਂ ਹੁੰਦਾ ਹੋਇਆ 26 ਅਗਸਤ ਨੂੰ ਲੁਧਿਆਣਾ ਜ਼ਿਲ੍ਹੇ ਦੇ ਆਗੂ ਸਾਥੀਆਂ ਜਿਹਨਾਂ ਵਿੱਚ ਜ਼ਿਲ੍ਹਾ ਸਕੱਤਰ ਸਾਥੀ ਡੀ ਪੀ ਮੌੜ, ਜ਼ਿਲ੍ਹਾ ਸਹਾਇਕ ਸਕੱਤਰ ਚਮਕੌਰ ਸਿੰਘ, ਜ਼ਿਲ੍ਹੇ ਦੇ ਵਿੱਤ ਸਕੱਤਰ ਐੱਮ ਐੱਸ ਭਾਟੀਆ, ਜਗਰਾਉ ਦੇ ਬਲਾਕ ਸਕੱਤਰ ਚਮਕੌਰ ਸਿੰਘ ਦੌਧਰ ਅਤੇ ਅਵਤਾਰ ਸਿੰਘ ਗਗੜਾ, ਸਵਰਨ ਸਿੰਘ ਹਠੂਰ, ਸਾਥੀ ਹੁਕਮ ਰਾਜ, ਮਾਛੀਵਾੜਾ ਦੇ ਬਲਾਕ ਸਕੱਤਰ ਜਗਦੀਸ਼ ਰਾਏ ਬੌਬੀ ਅਤੇ ਦੀਪਕ ਕੁਮਾਰ, ਕੇਵਲ ਸਿੰਘ ਬਨਵੈਤ, ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਨਰੇਸ਼ ਗੌੜ, ਕਾਮਰੇਡ ਕਰਤਾਰ ਰਾਮ ਤੇ ਹੋਰ ਆਗੂ ਸਾਥੀਆਂ ਨੇ ਮੋਗਾ ਜ਼ਿਲ੍ਹੇ ਦੇ ਆਗੂ ਸਾਥੀਆਂ ਤੋਂ ਨਵਾਂ ਚੂਹੜ ਚੱਕ ਵਿਖੇ ਅਗਾਂਹ ਤੋਰਨ ਲਈ ਜੱਥਾ ਲਿਆ।ਲਗਾਤਾਰ ਵਰ੍ਹ ਰਹੇ ਮੀਂਹ ਕਰਕੇ ਸਕੂਟਰਾਂ ਅਤੇ ਮੋਟਰ ਸਾਈਕਲਾਂ ਦੇ ਇਸ ਜੱਥੇ ਨੂੰ ਕਾਰਾਂ ਦੇ ਕਾਫਲੇ ਵਿੱਚ ਬਦਲਣਾ ਪਿਆ।ਇਸ ਮੌਕੇ ਲੁਧਿਆਣਾ ਜ਼ਿਲ੍ਹੇ ਦੇ ਆਗੂ ਅਤੇ ਸਰਗਰਮ ਕਾਰਕੁਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਉਥੋਂ ਜੱਥੇ ਨੂੰ ਕਾਰਾਂ ਦੇ ਕਾਫਲੇ ਦੀ ਸ਼ਕਲ ਵਿੱਚ ਲੈ ਕੇ ਜਗਰਾਉ ਪਹੁੰਚਿਆ ਗਿਆ, ਜਿੱਥੇ ਪਹਿਲਾਂ ਹੀ ਜਗਰਾਓਂ ਦੇ ਪਾਰਟੀ ਆਗੂ ਅਤੇ ਟ੍ਰੇਡ ਯੂਨੀਅਨ ਆਗੂ ਅਤੇ ਕਾਰਕੁਨ ਵੱਡੀ ਗਿਣਤੀ ਵਿੱਚ ਸਵਾਗਤ ਕਰਨ ਲਈ ਮੌਜੂਦ ਸਨ। ਬੱਸ ਅੱਡਾ ਜਗਰਾਓਂ ਵਿਖੇ ਇੱਕ ਰੈਲੀ ਕੀਤੀ ਗਈ, ਜਿਸ ਨੂੰ ਸਾਥੀ ਡੀ ਪੀ ਮੌੜ, ਭਰਪੂਰ ਸਿੰਘ, ਸਾਥੀ ਅਵਤਾਰ ਸਿੰਘ ਗਗੜਾ, ਸਵਰਨ ਸਿੰਘ ਹਠੂਰ, ਚਮਕੌਰ ਸਿੰਘ ਦੌਧਰ, ਚਮਕੌਰ ਸਿੰਘ ਬਰਮੀ, ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਨਰੇਸ਼ ਗੌੜ, ਹੁਕਮ ਰਾਜ ਅਤੇ ਬਹੁਤ ਸਾਰੇ ਸਾਥੀਆਂ ਨੇ ਸੰਬੋਧਨ ਕੀਤਾ। ਇਸ ਮੌਕੇ ਜਗਰਾਉ ਦੇ ਟ੍ਰੇਡ ਯੂਨੀਅਨ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀ ਪੀ ਆਈ ਦੇ ਸਿਰਕੱਢ ਆਗੂ ਮਰਹੂਮ ਐਡਵੋਕੇਟ ਓਮ ਪ੍ਰਕਾਸ਼ ਅਤਰੇ ਦੀ ਬੇਟੀ ਅਤੇ ਸ਼ਹੀਦ ਕਾਮਰੇਡ ਵਰਿਆਮ ਸਿੰਘ ਉਬਰਾਏ ਦੀ ਨੂੰਹ ਸ੍ਰੀਮਤੀ ਕੁਸਮ ਵੱਲੋਂ ਪਾਰਟੀ ਕਾਂਗਰਸ ਲਈ ਫੰਡ ਦੇ ਤੌਰ ’ਤੇ ਜਗਰਾਉ ਦੀ ਪਾਰਟੀ ਬਰਾਂਚ ਰਾਹੀਂ ਭੇਜੇ ਗਏ 50000 ਰੁਪਏ ਸਾਥੀ ਡੀ ਪੀ ਮੌੜ ਨੂੰ ਭੇਂਟ ਕੀਤੇ ਗਏ। ਇਸੇ ਤਰ੍ਹਾਂ ਪਾਰਟੀ ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਕਾਮਰੇਡ ਭਰਪੂਰ ਸਿੰਘ ਨੇ ਵੀ 50000 ਰੁਪਏ ਦਾ ਚੈੱਕ ਪਾਰਟੀ ਕਾਂਗਰਸ ਲਈ ਫੰਡ ਦੇ ਤੌਰ ’ਤੇ ਦਿੱਤਾ। ਦੁਪਹਿਰ ਸਵਾ ਦੋ ਵਜੇ ਚਾਹ-ਪਾਣੀ ਦੀ ਸੇਵਾ ਕਰਨ ਤੋਂ ਬਾਅਦ ਜਗਰਾਉ ਦੇ ਸਾਥੀਆਂ ਨੇ ਇਸ ਜੱਥੇ ਨੂੰ ਲੁਧਿਆਣਾ ਲਈ ਬੜੇ ਜੋਸ਼ੀਲੇ ਢੰਗ ਨਾਲ ਵਿਦਾਇਗੀ ਦਿੱਤੀ ਅਤੇ ਇਹ ਜੱਥਾ ਮੁੱਲਾਂਪੁਰ ਨਗਰ ਦੇ ਵਿੱਚੋਂ ਵਿੱਚ ਜੀ ਟੀ ਰੋਡ ਦੇ ਨਾਲ ਨਾਲ ਹੁੰਦਾ ਹੋਇਆ ਲੁਧਿਆਣੇ ਵੱਲ ਚੱਲ ਪਿਆ। ਭਾਰੀ ਬਾਰਿਸ਼ ਅਤੇ ਟੁੱਟੀਆਂ ਸੜਕਾਂ ਦੇ ਬਾਵਜੂਦ ਸਾਥੀਆਂ ਦੇ ਹੌਸਲੇ ਬੁਲੰਦ ਸਨ।
ਲੁਧਿਆਣਾ ਸ਼ਹਿਰ ਵਿੱਚ ਦਾਖਲ ਹੋਣ ’ਤੇ ਸ਼ਹਿਰੀ ਸਕੱਤਰ ਕਾਮਰੇਡ ਐੱਮ ਐੱਸ ਭਾਟੀਆ ਅਤੇ ਕੌਮੀ ਕੌਂਸਲ ਮੈਂਬਰ ਡਾਕਟਰ ਅਰੁਣ ਮਿੱਤਰਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਇਸ ਜੱਥੇ ਦਾ ਸਵਾਗਤ ਕੀਤਾ ।ਜੱਥੇ ਦੇ ਆਗੂ ਸਾਥੀਆਂ ਨੂੰ ਹਾਰ ਪਹਿਨਾਏ ਗਏ। ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਕਾਮਰੇਡ ਸੁਖਜਿੰਦਰ ਮਹੇਸ਼ਰੀ ਨੇ ਉੱਥੇ ਇਕੱਠੇ ਹੋਏ ਸਾਥੀਆਂ ਨੂੰ ਸੰਬੋਧਨ ਕੀਤਾ ।ਡਾਕਟਰ ਅਰੁਣ ਮਿੱਤਰਾ ਨੇ ਦੇਸ਼ ਅਤੇ ਦੁਨੀਆ ਵਿੱਚ ਅਨੇਕਾਂ ਥਾਵਾਂ ’ਤੇ ਚੱਲਦੀਆਂ ਜੰਗਾਂ ਦੇ ਕਾਰਨ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਵਧ ਰਹੇ ਖਤਰੇ ਬਾਰੇ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਭਾਰਤ ਉੱਪਰ ਵਿਸ਼ੇਸ਼ ਕਰ ਵਧੇਰੇ ਟੈਰੇਫ ਲਗਾਉਣ ਦੀ ਨੀਤੀ ਦਾ ਵਿਰੋਧ ਕੀਤਾ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਦਾ ਡਟਵਾਂ ਜਵਾਬ ਦੇਣ।
ਇਸ ਤੋਂ ਬਾਅਦ ਸਕੂਟਰਾਂ, ਮੋਟਰਸਾਈਕਲਾਂ ਅਤੇ ਕਾਰਾਂ ਦੀ ਸ਼ਕਲ ਵਿੱਚ ਇਹ ਜੱਥਾ ਸ਼ਹਿਰ ਦੇ ਰੁਝੇਵੇਂ ਵਾਲੇ ਬਾਜ਼ਾਰ ਘੁਮਾਰ ਮੰਡੀ ਤੋਂ ਫੁਹਾਰਾ ਚੌਂਕ ਅਤੇ ਗੁਰੂ ਨਾਨਕ ਸਟੇਡੀਅਮ ਵੱਲੋਂ ਹੁੰਦਾ ਹੋਇਆ ਜਗਰਾਓਂ ਪੁਲ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ’ਤੇ ਪਹੁੰਚਿਆ, ਜਿੱਥੇ ਸਾਥੀਆਂ ਨੇ ਇਸ ਜੱਥੇ ਦੇ ਮਕਸਦ ਬਾਰੇ ਲੋਕਾਂ ਵਿੱਚ ਆਪਣੇ ਵਿਚਾਰ ਰੱਖੇ । ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਚੌਂਕ ਜਿਸ ਨੂੰ ਜਗਰਾਓਂ ਪੁਲ ਵਾਲਾ ਚੌਂਕ ਵੀ ਕਹਿੰਦੇ ਹਨ, ਟਰੈਫਿਕ ਬੱਤੀਆਂ ਕਰਕੇ ਅਕਸਰ ਲੋਕ ਕਈ-ਕਈ ਚਿਰ ਖਲੋ ਕੇ ਆਗੂਆਂ ਨੂੰ ਸੁਣਦੇ ਰਹੇ। ਅੰਤ ਵਿੱਚ ਲੁਧਿਆਣਾ ਸ਼ਹਿਰੀ ਦੇ ਸਹਾਇਕ ਸਕੱਤਰ ਅਤੇ ਏਟਕ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਵਿਜੇ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਉਸ ਦਿਨ ਲਈ ਜੱਥੇ ਦੀ ਸਮਾਪਤੀ ਕੀਤੀ। ਅਗਲੇ ਦਿਨ ਯਾਨੀ 27 ਅਗਸਤ ਨੂੰ ਇਹ ਜੱਥਾ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਜੋ ਜ਼ਿਲ੍ਹਾ ਸੀ ਪੀ ਆਈ ਦਾ ਦਫਤਰ ਹੈ, ਤੋਂ ਜੱਥਾ ਕਾਫਲੇ ਦੀ ਸ਼ਕਲ ਵਿੱਚ ਦੋਰਾਹੇ ਲਈ ਰਵਾਨਾ ਹੋਇਆ। ਜੱਥੇ ਦੇ ਅੱਗੇ ਚੱਲ ਰਹੀ ਗੱਡੀ, ਜੋ ਪਾਰਟੀ ਦੀ ਸ਼ਾਨ ਨੂੰ ਵਧਾ ਰਹੀ ਸੀ ਅਤੇ ਇਸ ਮੌਕੇ ਲਈ ਉਚੇਚੇ ਤੌਰ ’ਤੇ ਪੂਰੀ ਤਰ੍ਹਾਂ ਸਜਾਈ ਹੋਈ ਸੀ, ਦੇਸ਼ ਭਗਤੀ ਦੇ ਗੀਤ ਸੁਣਾਉਦੀ ਹੋਈ ਅੱਗੇ-ਅੱਗੇ ਚੱਲ ਰਹੀ ਸੀ।
ਦੋਰਾਹੇ ਪਹੁੰਚਣ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੇ ਬੁੱਤ ’ਤੇ ਦੋਰਾਹਾ ਦੇ ਬਲਾਕ ਸਕੱਤਰ ਸਾਥੀ ਨਿਰੰਜਨ ਸਿੰਘ, ਸਾਥੀ ਹਰਮਿੰਦਰ ਸੇਠ ਅਤੇ ਕਰਮ ਸਿੰਘ ਜਟਾਣਾ ਬਾਕੀ ਆਗੂ ਸਾਥੀਆਂ ਅਤੇ ਕਾਰਕੁਨਾਂ ਦੇ ਨਾਲ ਜੱਥੇ ਦਾ ਸਵਾਗਤ ਕਰਨ ਲਈ ਖੜੇ ਸਨ। ਉਥੋਂ ਇਕੱਠੇ ਹੋ ਕੇ, ਝੰਡੇ ਲੈ ਕੇ ਅਤੇ ਇਨਕਲਾਬ ਜ਼ਿੰਦਾਬਾਦ, 25ਵਾਂ ਮਹਾਂ ਸੰਮੇਲਨ ਜ਼ਿੰਦਾਬਾਦ ਦੇ ਨਾਅਰੇ ਲਾਉਦੇ ਹੋਏ ਇਹ ਜੱਥਾ ਦੋਰਾਹੇ ਦੇ ਮੇਨ ਬਾਜ਼ਾਰ ਵਿੱਚੋਂ ਦੀ ਹੁੰਦਾ ਹੋਇਆ ਰੇਲਵੇ ਸਟੇਸ਼ਨ ਤੱਕ ਪਹੁੰਚਿਆ ਅਤੇ ਉਥੋਂ ਫਿਰ ਵਾਪਸੀ ਕਰਦਾ ਹੋਇਆ ਬਾਜ਼ਾਰ ਦੇ ਵਿੱਚੋਂ ਵਿੱਚ ਹੋ ਕੇ ਜੀ ਟੀ ਰੋਡ ’ਤੇ ਪਹੁੰਚਿਆ, ਜਿੱਥੇ ਪਾਰਟੀ ਦੇ ਸੂਬਾਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਸਾਥੀ ਰਮੇਸ਼ ਰਤਨ ਨੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪਾਰਟੀ ਦੇ 25ਵੇਂ ਮਹਾਂ ਸੰਮੇਲਨ ਦੀ ਅਹਿਮੀਅਤ ਬਾਰੇ ਵੀ ਜਾਣਕਾਰੀ ਦਿੱਤੀ। ਸਾਥੀਆਂ ਨੇ ਝੰਡਿਆਂ ਅਤੇ ਫਲੈਕਸ ਬੋਰਡਾਂ ਦੇ ਨਾਲ ਨਗਰ ਨੂੰ ਸਜਾਇਆ ਹੋਇਆ ਸੀ । ਇੱਥੇ ਹਾਜ਼ਰ ਸਾਥੀਆਂ ਵਿੱਚ ਦਰਬਾਰਾ ਸਿੰਘ, ਸਵਰਨ ਸਿੰਘ ਮਣਕੂ, ਕਿਸਾਨ ਆਗੂ ਜਸਵੀਰ ਝੱਜ, ਆਸ਼ਾ ਵਰਕਰ ਯੂਨੀਅਨ ਦੀਆਂ ਆਗੂ ਬੀਬੀਆਂ ਅਤੇ ਵੱਡੀ ਗਿਣਤੀ ਵਿੱਚ ਏਟਕ ਦੇ ਸਾਥੀ ਵੀ ਹਾਜ਼ਰ ਸਨ। ਦੁਪਹਿਰ ਪੌਣੇ 12 ਵਜੇ ਇਹ ਜੱਥਾ ਪਾਇਲ ਦੇ ਰਸਤੇ ਪਿੰਡਾਂ ਵਿੱਚੋਂ ਹੁੰਦਾ ਹੋਇਆ ਮਲੌਦ ਪਹੁੰਚਿਆ, ਜਿੱਥੇ ਬਲਾਕ ਸਕੱਤਰ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਅਤੇ ਗੁਰਮੇਲ ਸਿੰਘ ਮੇਲੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਆਗੂ ਅਤੇ ਕਾਰਕੁੰਨ ਸਵਾਗਤ ਕਰਨ ਲਈ ਖੜੇ ਸਨ। ਮਲੌਦ ਵਿਖੇ ਇੱਕ ਵਿਸ਼ਾਲ ਜਨਤਕ ਸਮਾਗਮ ਕੀਤਾ ਗਿਆ, ਜਿਸ ਨੂੰ ਪ੍ਰਮੁੱਖ ਤੌਰ ’ਤੇ ਸੀ ਪੀ ਆਈ ਦੇ ਕੌਮੀ ਸਕੱਤਰੇਤ ਦੇ ਮੈਂਬਰ ਕਾਮਰੇਡ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਉਹਨਾਂ ਦੱਸਿਆ ਕਿ ਅੱਜ ਦੇਸ਼ ਦੇ ਮਿਹਨਤਕਸ਼ ਅਵਾਮ ਦੇ ਸਾਹਮਣੇ ਬਹੁਤ ਵੱਡੀਆਂ-ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਸਿਹਤ, ਸਿੱਖਿਆ ਰੁਜ਼ਗਾਰ ਅਤੇ ਮਹਿੰਗਾਈ ਦੀਆਂ ਸਮੱਸਿਆਵਾਂ ਹਨ। ਦੇਸ਼ ਦਾ ਜੋ ਧਰਮ ਨਿਰਪੱਖ ਤੇ ਜਮਹੂਰੀ ਢਾਂਚਾ ਹੈ, ਉਸ ਨੂੰ ਤਹਿਸ-ਨਹਿਸ ਕਰਨ ਦੀ ਮੋਦੀ ਸਰਕਾਰ ਵੱਲੋਂ ਪੂਰੀਆਂ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ। ਘੱਟ ਗਿਣਤੀਆਂ ਤੇ ਕੋਈ ਨਾ ਕੋਈ ਫਰਜ਼ੀ ਕਾਰਨ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ, ਔਰਤਾਂ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਦਲਿਤਾਂ ਦੇ ਉੱਪਰ ਵੀ ਅਖੌਤੀ ਉੱਚ ਜਾਤੀਆਂ ਵੱਲੋਂ ਹਮਲੇ ਵਧ ਗਏ ਹਨ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਾਰੀਆਂ ਸੰਵਿਧਾਨਕ ਸੰਸਥਾਵਾਂ, ਇੱਥੋਂ ਤੱਕ ਕਿ ਨਿਆਂ ਪਾਲਿਕਾ ਅਤੇ ਚੋਣ ਕਮਿਸ਼ਨ ਵੀ ਇਸ ਸਰਕਾਰੀ ਦਬਾਅ ਤੋਂ ਬਾਹਰ ਨਹੀਂ ਰਹੇ। ਇਸ ਲਈ ਕਮਿਊਨਿਸਟ ਪਾਰਟੀ ਦੇ ਸਾਹਮਣੇ ਸੰਵਿਧਾਨ ਦੀ ਰਾਖੀ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਬਹੁਤ ਵੱਡਾ ਕੰਮ ਸਾਹਮਣੇ ਖੜਾ ਹੈ। ਆਉਣ ਵਾਲੇ ਮਹਾਂ ਸੰਮੇਲਨ ਵਿੱਚ ਇਹਨਾਂ ਬਾਰੇ ਚਰਚਾ ਵੀ ਹੋਏਗੀ ਤੇ ਇਹਨਾਂ ਦੇ ਹੱਲ ਕਰਨ ਦੇ ਲਈ ਦਿਸ਼ਾ ਵੀ ਨਿਰਧਾਰਿਤ ਕੀਤੀ ਜਾਏਗੀ। ਸਿਹਤ ਠੀਕ ਨਾ ਹੋਣ ਦੇ ਬਾਵਜੂਦ ਰਾਮਗੜ੍ਹ ਸਰਦਾਰਾਂ ਤੋਂ ਪਾਰਟੀ ਦੇ ਆਗੂ ਅਤੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਪਿ੍ਰੰਸੀਪਲ ਜਗਜੀਤ ਸਿੰਘ ਨੇ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਆਪਣਾ ਪੂਰਾ ਯੋਗਦਾਨ ਪਾਇਆ। ਇਸ ਮੌਕੇ ਸਿਆੜ ਤੋਂ ਸਾਬਕਾ ਸਰਪੰਚ ਸਾਧੂ ਸਿੰਘ, ਸੌਦਾਗਰ ਸਿੰਘ ਸਹਾਰਨ ਮਾਜਰਾ, ਲਾਭ ਸਿੰਘ ਬੇਰ ਕਲਾਂ, ਹਰਬੰਸ ਸਿੰਘ ਰਬੋਂ ਉੱਚੀ, ਕੁਲਵੰਤ ਸਿੰਘ ਪੰਧੇਰ ਖੇੜੀ, ਨਛੱਤਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨ ਇਸ ਵਿੱਚ ਸ਼ਾਮਲ ਸਨ। ਮਲੌਦ ਕਸਬੇ ਨੂੰ ਫਲੈਕਸ ਬੋਰਡ ਅਤੇ ਝੰਡਿਆਂ ਨਾਲ ਸਜਾਇਆ ਹੋਇਆ ਸੀ ।ਇੱਥੇ ਕਾਮਯਾਬ ਜਨਤਕ ਸਮਾਗਮ ਕਰਨ ਤੋਂ ਬਾਅਦ ਇਹ ਜੱਥਾ ਡੇਹਲੋਂ ਦੇ ਰਾਹੀਂ ਪਿੰਡਾਂ ਵਿੱਚੋਂ ਹੁੰਦਾ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਪਹੁੰਚਿਆ ਅਤੇ ਉਥੇ ਸ਼ਹੀਦ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਅਰਪਣ ਕਰਨ ਤੋਂ ਬਾਅਦ ਸਮਾਪਤੀ ਰੈਲੀ ਕੀਤੀ ਗਈ। ਮੋਗਾ ਜ਼ਿਲ੍ਹੇ ਦੇ ਸਕੱਤਰ ਸੂਬਾ ਪਾਰਟੀ ਦੇ ਕਾਰਜਕਾਰਨੀ ਮੈਂਬਰ ਸਾਥੀ ਕੁਲਦੀਪ ਭੋਲਾ ਨੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕੀਤਾ। ਪਾਰਟੀ ਦੇ ਜ਼ਿਲ੍ਹਾ ਸਹਾਇਕ ਸਕੱਤਰ ਅਤੇ ਕੁਲ ਹਿੰਦ ਕਿਸਾਨ ਸਭਾ 1936 ਦੇ ਜ਼ਿਲ੍ਹੇ ਦੇ ਜਨਰਲ ਸਕੱਤਰ ਚਮਕੌਰ ਸਿੰਘ ਬਰਮੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਕਿਸਾਨ ਮਾਰੂ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਕਰਾਉਣ ਲਈ ਜਿੱਤ ਪ੍ਰਾਪਤ ਕਰਨ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਬਹੁਤ ਸਹਿਯੋਗ ਰਿਹਾ ਹੈ। ਪਾਰਟੀ ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਖੇਤੀਬਾੜੀ ਅਫਸਰ ਡਾਕਟਰ ਰਜਿੰਦਰ ਪਾਲ ਸਿੰਘ ਔਲਖ ਨੇ ਕਿਹਾ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਖੇਤੀਬਾੜੀ ਨਾਲ ਸੰਬੰਧਤ ਇੱਕ ਸੈਮੀਨਾਰ ਆਉਣ ਵਾਲੀ 7 ਸਤੰਬਰ ਨੂੰ ਮੁੱਲਾਂਪੁਰ ਵਿੱਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉੱਘੇ ਖੇਤੀਬਾੜੀ ਮਾਹਿਰ ਸ੍ਰੀ ਦਵਿੰਦਰ ਸ਼ਰਮਾ ਕਿਸਾਨੀ ਨੂੰ ਦਰਪੇਸ਼ ਮਸਲਿਆਂ ਅਤੇ ਇਸ ਦੇ ਸਰਬਪੱਖੀ ਵਿਕਾਸ ਬਾਰੇ ਵਿਚਾਰ ਚਰਚਾ ਕਰਨਗੇ। ਉਹਨਾਂ ਤੋਂ ਇਲਾਵਾ ਡਾਕਟਰ ਅਰੁਣ ਮਿੱਤਰਾ, ਐੱਮ ਐੱਸ ਭਾਟੀਆ, ਨਰੇਸ਼ ਗੌੜ, ਕੇਵਲ ਸਿੰਘ ਬਨਵੈਤ, ਬਲਬੀਰ ਸਿੰਘ ਮਾਨ, ਭਗਵਾਨ ਸਿੰਘ ਸੋਮਲਖੇੜੀ, ਗੁਰਮੇਲ ਸਿੰਘ ਮੇਲੀ ਅਤੇ ਹੋਰ ਆਗੂ ਸਾਥੀਆਂ ਨੇ ਸੰਬੋਧਨ ਕੀਤਾ।ਜੱਥੇ ਦੀ ਸਮਾਪਤੀ ਦਾ ਐਲਾਨ ਕਰਦੇ ਹੋਏ ਜ਼ਿਲ੍ਹਾ ਸਕੱਤਰ ਸਾਥੀ ਡੀ ਪੀ ਮੌੜ ਨੇ ਕਿਹਾ ਕਿ 21 ਸਤੰਬਰ ਦੀ ਮੋਹਾਲੀ ਰੈਲੀ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚੋਂ 20 ਬੱਸਾਂ ਦਾ ਇੱਕ ਵੱਡਾ ਕਾਫਲਾ ਸ਼ਾਮਲ ਹੋਵੇਗਾ।




