ਅੰਮਿ੍ਰਤਸਰ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੰਜਾਬ ਵਿੱਚ ਆਏ ਹੜ੍ਹਾਂ ਲਈ ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਨ੍ਹਾਂ ਦੀਆਂ ਗੈਰ-ਜ਼ਿੰਮੇਵਾਰਾਨਾ ਨੀਤੀਆਂ ਕਾਰਨ ਸਰਹੱਦੀ ਸੂਬੇ ਦੇ ਲੋਕ ਦੁਖੀ ਹਨ। ਬਘੇਲ ਪੰਜਾਬ ਦੇ ਦੋ ਦਿਨਾ ਦੌਰੇ ’ਤੇ ਆਏ ਹਨ ਅਤੇ ਛੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਕੇ ਹੜ੍ਹ ਪੀੜਤਾਂ ਨੂੰ ਮਿਲਣਗੇ। ਉਹ ਆਪਣੀ ਰਿਪੋਰਟ ਰਾਹੁਲ ਗਾਂਧੀ ਨੂੰ ਸੌਂਪਣਗੇ। ਹੜ੍ਹ ਪੀੜਤ ਲੋਕਾਂ ਵਾਸਤੇ ਰਾਹਤ ਸਮੱਗਰੀ ਦੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾਉਂਦਿਆਂ ਬਘੇਲ ਨੇ ਕਿਹਾ ਕਿ ਇਹ ਹੋਰ ਵੀ ਮਾੜੀ ਗੱਲ ਹੈ ਕਿ ਸਰਕਾਰ ਨੇ ਹੜ੍ਹਾਂ ਵਿੱਚ ਮਾਰੇ ਗਏ ਲੋਕਾਂ, ਪ੍ਰਭਾਵਤ ਹੋਏ ਲੋਕਾਂ, ਮਾਰੇ ਗਏ ਪਸ਼ੂਆਂ, ਫਸਲਾਂ ਦੇ ਹੋਏ ਨੁਕਸਾਨ ਅਤੇ ਹੋਰ ਨੁਕਸਾਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਉਨ੍ਹਾਂ ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਸੰਵੇਦਨਹੀਣ ਆਖਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਹੜ੍ਹਾਂ ਕਾਰਨ ਸੂਬੇ ਵਿੱਚ ਮਾੜੀ ਸਥਿਤੀ ਅਤੇ ਲੋਕਾਂ ਦੀ ਮਾੜੀ ਸਥਿਤੀ ਬਾਰੇ ਹੁਣ ਤੱਕ ਇੱਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾ ਪੰਜਾਬ ਨੂੰ ਉਸ ਦੇ ਹਾਲ ’ਤੇ ਹੀ ਛੱਡ ਦਿੱਤਾ ਹੈ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸਥਾਨਕ ਕਾਂਗਰਸ ਲੀਡਰਸ਼ਿਪ ਹਾਜ਼ਰ ਸੀ। ਚੰਨੀ ਨੇ ਦੋਸ਼ ਲਾਇਆ ਕਿ ਸੂਬੇ ਦੀ ਸਰਕਾਰ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਪੀੜਤਾਂ ਦੀ ਮਦਦ ਕਰਨ ਵਾਸਤੇ ਗੰਭੀਰ ਨਹੀਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕੱਲੇ ਹਸਪਤਾਲ ਵਿੱਚ ਨਹੀਂ ਹਨ, ਸਗੋਂ ਸਮੁੱਚੀ ਸਰਕਾਰ ਹੀ ਹਸਪਤਾਲ ਵਿੱਚ ਹੈ। ਰਾਜਾ ਵੜਿੰਗ ਨੇ ਕਿਹਾ ਕਿ ਇਹ ਸਮਾਂ ਇਹ ਦੋਸ਼ ਲਾਉਣ ਦਾ ਨਹੀਂ ਕਿ ਹਾਦਸਾ ਕਿਵੇਂ ਵਾਪਰਿਆ ਹੈ। ਇਸ ਵੇਲੇ ਰਾਹਤ ਕਾਰਜ ਵਿੱਚ ਤੇਜ਼ੀ ਲਿਆਉਣਾ ਅਤੇ ਮਨੁੱਖਤਾ ਨੂੰ ਰਾਹਤ ਦੇਣਾ ਜ਼ਰੂਰੀ ਹੈ।




