ਜਲੰਧਰ : ਮੋਗਾ ਜ਼ਿਲ੍ਹੇ ਦੇ ਅਜੀਤਵਾਲ ਇਲਾਕੇ ਦੇ ਪਿੰਡ ਚੂਹੜ ਚੱਕ ਵਿਚ ਮੀਟਰ ਰੀਡਰ ਬਲਵਿੰਦਰ ਸਿੰਘ ਨੂੰ ਇਕ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਲੋਕਾਂ ਨੇ ਜਦ ਫੜ ਲਿਆ ਤਾਂ ਉਹ ਪੰਜ-ਪੰਜ ਸੌ ਦੇ ਦੋਨੋਂ ਨੋਟ ਮੂੰਹ ਵਿਚ ਪਾ ਕੇ ਚੱਬਣ ਲੱਗ ਪਿਆ, ਪਰ ਲੋਕਾਂ ਨੇ ਨੋਟ ਕਢਵਾ ਲਏ |
ਮੀਟਰ ਰੀਡਰ ਨੇ ਘਰ ਵਿਚ ਮੌਜੂਦ ਇਕੱਲੀ ਮਹਿਲਾ ਨੂੰ ਮੀਟਰ ਖਰਾਬ ਹੋਣ ਦੀ ਗੱਲ ਕਹਿ ਕੇ ਜੁਰਮਾਨੇ ਦਾ ਡਰਾਵਾ ਦਿੱਤਾ | ਫਿਰ ਜੁਰਮਾਨੇ ਤੋਂ ਬਚਾਉਣ ਲਈ ਇਕ ਹਜ਼ਾਰ ਰੁਪਏ ਰਿਸ਼ਵਤ ਮੰਗ ਲਈ | ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹ ਮੀਟਰ ਘਰ ਦੇ ਬਾਹਰ ਲੱਗਾ ਹੋਣ ਦੇ ਬਾਵਜੂਦ ਪੈਸੇ ਮੰਗਣ ਤੋਂ ਭੜਕ ਗਏ, ਪਰ ਨਾਲ ਹੀ ਸਿਆਣਪ ਵਰਤਦਿਆਂ ਪੰਜ-ਪੰਜ ਸੌ ਦੇ ਦੋ ਨੋਟਾਂ ਦੀ ਪਹਿਲਾਂ ਫੋਟੋ ਕਾਪੀ ਕਰਵਾਈ ਤੇ ਫਿਰ ਫੜਾਏ | ਇਸ ਤੋਂ ਬਾਅਦ ਮੀਟਰ ਰੀਡਰ ਨੂੰ ਘੇਰਿਆ ਤਾਂ ਘਬਰਾਇਆ ਮੀਟਰ ਰੀਡਰ ਨੋਟ ਮੂੰਹ ਵਿਚ ਪਾ ਕੇ ਚਬਾਉਣ ਲੱਗਾ | ਲੋਕਾਂ ਨੇ ਮੂੰਹ ਵਿਚ ਹੱਥ ਪਾ ਕੇ ਨੋਟ ਕੱਢ ਲਏ | ਮੀਟਰ ਰੀਡਰ ਬਾਅਦ ਵਿਚ ਕਹਿੰਦਾ ਰਿਹਾ ਕਿ ਮੀਟਰ ਵਿਚ ਡਿਫੈਕਟ ਸੀ | ਬਲਵਿੰਦਰ ਸਿੰਘ ਨੂੰ ਕੰਪੀਟੈਂਟ ਸਿਨਰਸੀਜ ਪ੍ਰਾਈਵੇਟ ਲਿਮਟਿਡ ਦੁਆਰਾ ਠੇਕੇ ‘ਤੇ ਨਿਯੁਕਤ ਕੀਤਾ ਗਿਆ ਸੀ, ਜੋ ਕਿ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਦੇ ਸਪਾਟ ਬਿਲਿੰਗ ਦਾ ਠੇਕਾ ਸੰਭਾਲ ਰਹੀ ਹੈ | ਕੰਪੀਟੈਂਟ ਸਿਨਰਸੀਜ ਪ੍ਰਾਈਵੇਟ ਲਿਮਟਿਡ ਨੇ ਬਲਵਿੰਦਰ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ ਇਸ ਕੁਤਾਹੀ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਕਿਹਾ ਕਿ ਕਿਸੇ ਵੀ ਪੱਧਰ ‘ਤੇ ਭਿ੍ਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਮੈਸਰਜ਼ ਕੰਪੀਟੈਂਟ ਸਿਨਰਸੀਜ ਪ੍ਰਾਈਵੇਟ ਲਿਮਟਿਡ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਬਾਕੀ ਮੀਟਰ ਰੀਡਰਾਂ ਵਿੱਚੋਂ ਅਜਿਹੇ ਬੇਈਮਾਨ ਤੱਤਾਂ ਦੀ ਜਾਂਚ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ | ਪੀ ਐੱਸ ਪੀ ਸੀ ਐੱਲ ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ ਇਸ ਮਾਮਲੇ ਵਿੱਚ ਐੱਫ ਆਈ ਆਰ ਦਰਜ ਕਰਨ ਲਈ ਅਜੀਤਵਾਲ ਥਾਣੇ ਵਿੱਚ ਮਾਮਲਾ ਵੀ ਉਠਾਇਆ ਹੈ | ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਕਿਸੇ ਵੀ ਪੱਧਰ ‘ਤੇ ਭਿ੍ਸ਼ਟਾਚਾਰ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਸਾਰੇ ਕੇਸਾਂ ਦੀ ਪੈਰਵੀ ਕਾਨੂੰਨ ਅਨੁਸਾਰ ਕੀਤੀ ਜਾਵੇਗੀ | ਕਿਸੇ ਵੀ ਮੁਸ਼ਕਲ ਦੀ ਸਥਿਤੀ ਵਿੱਚ ਖਪਤਕਾਰ ਮੋਬਾਈਲ ਨੰਬਰ 96461-75770 ‘ਤੇ ਵੇਰਵੇ ਭੇਜ ਸਕਦੇ ਹਨ |