ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸੰਘਰਸ਼ਾਂ ਦੀ ਲਾਮਬੰਦੀ ਲਈ ਸਾਂਝੀ ਮੀਟਿੰਗ

0
108

ਤਰਨ ਤਾਰਨਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਨੂੰ ਜਾਣਬੁੱਝ ਕੇ ਅਣਗੌਲਿਆਂ ਕਰਨ ਦੀ ਨੀਤੀ ਤਹਿਤ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨਾਲ ਮੁੜ-ਮੁੜ ਲਿਖਤੀ ਮੀਟਿੰਗਾਂ ਤੈਅ ਕਰਕੇ ਮੁਲਤਵੀ ਕੀਤੇ ਜਾਣ ਦੇ ਮਾੜੇ ਵਤੀਰੇ ਖਿਲਾਫ਼ ਸਾਂਝੇ ਫਰੰਟ ਵੱਲੋਂ ਸੰਘਰਸ਼ਾਂ ਦੇ ਦਿੱਤੇ ਸੱਦੇ ਦੀ ਲਾਮਬੰਦੀ ਲਈ ਸਾਂਝੀਆਂ ਜ਼ਿਲ੍ਹਾ ਮੀਟਿੰਗਾਂ ਕਰਕੇ ਕੈਬਨਿਟ ਮੰਤਰੀਆਂ ਨੂੰ ਵੱਡੇ ਰੋਸ ਡੈਪੂਟੇਸ਼ਨ ਲੈ ਕੇ ਮਿਲਣ ਉਪਰੰਤ 11 ਅਕਤੂਬਰ ਦੀ ਸੰਗਰੂਰ ਰੈਲੀ ਨੂੰ ਕਾਮਯਾਬ ਕਰਨ ਲਈ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਏਟਕ ਨਾਲ ਸੰਬੰਧਤ ਦੋ ਜਥੇਬੰਦੀਆਂ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਅਤੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ ਸਬ-ਡਵੀਜ਼ਨ ਨੌਸ਼ਹਿਰਾ ਪਨੂੰਆਂ ਦੀ ਸਾਂਝੀ ਮੀਟਿੰਗ ਬਲਦੇਵ ਸਿੰਘ ਸਰਪੰਚ ਅਤੇ ਮੇਜਰ ਸਿੰਘ ਪਨੂੰ ਦੀ ਸਾਂਝੀ ਪ੍ਰਧਾਨਗੀ ਹੇਠ ਕੀਤੀ ।
ਮੀਟਿੰਗ ਵਿੱਚ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਜਥੇਬੰਦੀ ਦੇ ਸੂਬਾਈ ਪ੍ਰਧਾਨ ਅਤੇ ਸਾਂਝਾ ਫਰੰਟ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸਰਕਲ ਆਗੂ ਜਗੀਰ ਸਿੰਘ ਜੱਗੀ, ਅਵਤਾਰ �ਿਸ਼ਨ, ਮੋਹਨ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਨੰਦਪੁਰ, ਦਵਿੰਦਰ ਸਿੰਘ ਜੇ ਈ ਆਦਿ ਆਗੂਆਂ ਅਤੇ ਵੱਡੀ ਗਿਣਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਸੂਬਾਈ ਆਗੂ ਗੰਡੀਵਿੰਡ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਵਾਜਿਬ ਮਸਲਿਆਂ ਨੂੰ ਵੱਟੇ-ਖਾਤੇ ਪਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਲਿਖਤੀ ਮੀਟਿੰਗਾਂ ਤੈਅ ਕਰਕੇ ਵਾਰ-ਵਾਰ ਮੁਲਤਵੀ ਕੀਤਾ ਜਾ ਰਿਹਾ ਹੈ। ਰੋਸ ਵਜੋਂ ਸਾਂਝਾ ਫਰੰਟ ਵੱਲੋਂ ਸੂਬਾ ਭਰ ਵਿੱਚ 6 ਅਤੇ 7 ਸਤੰਬਰ ਨੂੰ ਜ਼ਿਲ੍ਹਾ ਮੀਟਿੰਗਾਂ ਕਰਨ ਉਪਰੰਤ 13 ਅਤੇ 14 ਸਤੰਬਰ ਨੂੰ ਕੈਬਨਿਟ ਮੰਤਰੀਆਂ ਨੂੰ ਵੱਡੇ ਰੋਸ ਡੈਪੂਟੇਸ਼ਨ ਰਾਹੀਂ ਆਪਣੇ ਮਸਲਿਆਂ ਦਾ ਮੰਗ ਪੱਤਰ ਪੇਸ਼ ਕਰਨ ਤੋਂ ਇਲਾਵਾ ਹੜ੍ਹਾਂ ਤੋਂ ਪ੍ਰਭਾਵਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਅਤੇ ਬਿਪਤਾ ਮਾਰੇ ਲੋਕਾਂ ਦੇ ਮੁੜ-ਵਸੇਬੇ ਲਈ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਯੋਜਨਾਬੰਦੀ ਕਰਨ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਉਠਾਈ ਜਾਵੇਗੀ ਉਹਨਾ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਜਾਣਬੁੱਝ ਕੇ ਅੱਖੋਂ-ਪਰੋਖੇ ਕਰਨ ਦੀ ਘਟੀਆ ਨੀਤੀ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਟਕਰਾਅ ਵਾਲਾ ਮਾਹੌਲ ਤਿਆਰ ਕਰ ਰਹੀ ਹੈ। ਗੰਡੀਵਿੰਡ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਇਕ ਦਿਨ ਦੀ ਤਨਖਾਹ ਅਤੇ ਪੈਨਸ਼ਨ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜਣ ਦੇ ਫੈਸਲੇ ਬਾਰੇ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ । ਗੰਡੀਵਿੰਡ ਨੇ ਸਾਂਝਾ ਫਰੰਟ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਦੀ ਲੀਡਰਸ਼ਿਪ ਨੂੰ ਸੰਘਰਸ਼ਾਂ ਦੀ ਤਿਆਰੀ ਲਈ 7 ਸਤੰਬਰ ਨੂੰ ਸਵੇਰੇ 10-30 ਵਜੇ ਸਥਾਨਕ ਗਾਂਧੀ ਪਾਰਕ ਵਿਖੇ ਰੱਖੀ ਸਾਂਝੀ ਜ਼ਿਲ੍ਹਾ ਮੀਟਿੰਗ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।