ਤਕੜਿਆਂ ਨੂੰ ਸਲਾਮਾਂ

0
55

ਨਵੀਂ ਦਿੱਲੀ : ਦੁਨੀਆ ਦੇ ਦੋ ਵੱਖ-ਵੱਖ ਹਿੱਸਿਆਂ ਵਿੱਚ ਇਸ ਹਫਤੇ ਵਾਪਰੀਆਂ ਦੋ ਘਟਨਾਵਾਂ ਨੇ ਦਿਖਾਇਆ ਹੈ ਕਿ ਧਨਾਢ ਹਮੇਸ਼ਾ ‘ਤਕੜੇ ਆਗੂਆਂ’ ਅੱਗੇ ਝੁਕਦੇ ਹਨ, ਭਾਵੇਂ ਉਹ ਪਹਿਲੀ ਦੁਨੀਆ ਦੇ ਹੋਣ ਜਾਂ ਤੀਜੀ ਦੁਨੀਆ ਦੇ। ਅਮਰੀਕਾ ਤੇ ਭਾਰਤ ਵਿੱਚ ਇਹ ਹੀ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਦੇਸ਼ਾਂ ਦੇ ਵੱਡੇ ਕਾਰੋਬਾਰੀ ਡੋਨਾਲਡ ਟਰੰਪ ਤੇ ਨਰਿੰਦਰ ਮੋਦੀ ਦੀ ਚਾਪਲੂਸੀ ਵਿੱਚ ਲੱਗੇ ਹੋਏ ਹਨ। ਭਾਰਤ ਦੀਆਂ ਅਖਬਾਰਾਂ ਅਜਿਹੇ ਇਸ਼ਤਿਹਾਰਾਂ ਨਾਲ ਭਰੀਆਂ ਪਈਆਂ ਸਨ, ਜਿਨ੍ਹਾਂ ਵਿੱਚ ਜੀ ਐੱਸ ਟੀ ਦੀਆਂ ਦਰਾਂ ਵਿੱਚ ਸੋਧ ਲਈ ਕਾਰੋਬਾਰੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਗਿਆ ਹੈ, ਜਦਕਿ ਪਹਿਲੀਆਂ ਦਰਾਂ ਵੀ ਮੋਦੀ ਸਰਕਾਰ ਨੇ ਹੀ ਮਿੱਥੀਆਂ ਸਨ। ਡੇਅਰੀ ਦੇ ਵੱਡੇ ਕਾਰੋਬਾਰੀ ‘ਅਮੁੱਲ’ ਨੇ ਆਪਣੇ ਇਸ਼ਤਿਹਾਰ ਵਿੱਚ ਕਿਹਾ ਹੈ ਕਿ ਉਹ ਜੀ ਐੱਸ ਟੀ ਦਰ ਘਟਾਉਣ ਲਈ ਆਪਣੇ ਰਾਸ਼ਟਰ ਦੇ ਮੁਖੀ ਦਾ ਦਿਲ ਦੀਆਂ ਡੂੰਘਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਹੈ। ਭਾਰਤ ਤੇ ਅਮਰੀਕਾ ਵਿਚਾਲੇ ਵਪਾਰ ਸਮਝੌਤਾ ਨਾ ਹੋਣ ਦਾ ਇੱਕ ਕਾਰਨ ਭਾਰਤ ਵੱਲੋਂ ਅਮਰੀਕੀ ਡੇਅਰੀ ਉਤਪਾਦਾਂ ’ਤੇ ਟੈਕਸ ਨਾ ਘਟਾਉਣਾ ਵੀ ਹੈ।
ਅਖਬਾਰੀ ਇਸ਼ਤਿਹਾਰਾਂ ਵਿੱਚ ਸਿਰਫ ਮੋਦੀ ਦੀ ਹੀ ਤਸਵੀਰ ਛਪੀ ਹੈ। ਫਰਟੀਲਾਈਜ਼ਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ‘ਥੈਂਕ ਯੂ’ ਵਾਲੇ ਇਸ਼ਤਿਹਾਰ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਤਸਵੀਰ ਨਿੱਕੀ ਤੇ ਮੋਦੀ ਦੀ ਵੱਡੀ ਹੈ। ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਅਤੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟ੍ਰੀਜ਼ ਨੇ ਵੀ ਮੋਦੀ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਹਨ।
ਉਧਰ, ਟਰੰਪ ਤੇ ਉਨ੍ਹਾ ਦੀ ਪਤਨੀ ਮੇਲਾਨੀਆ ਨੇ ਵੀਰਵਾਰ 13 ਖਰਬਪਤੀਆਂ ਨੂੰ ਰਾਤ ਦਾ ਖਾਣਾ ਖੁਆਇਆ। ਮੇਲਾਨੀਆ ਦੇ ਨਾਲ ਬੈਠੇ ਮਾਈਕਰੋਸਾਫਟ ਦੇ ਸਹਿ-ਬਾਨੀ ਬਿੱਲ ਗੇਟਸ ਨੇ ਟਰੰਪ ਦੇ ਵੈਕਸੀਨ ਯਤਨਾਂ ਦੀ ਕਾਫੀ ਸ਼ਲਾਘਾ ਕੀਤੀ। ਹਾਲਾਂਕਿ ਟਰੰਪ ਦਾ ਸਿਹਤ ਮੰਤਰੀ ਰਾਬਰਟ ਕੈਨੇਡੀ ਜੂਨੀਅਰ ਬੱਚਿਆਂ ਨੂੰ ਵੈਕਸੀਨ ਲਾਉਣ ਦੇ ਵਿਰੁੱਧ ਹੈ।