ਕੇਰਲਾ ਮਾਡਲ

0
77

ਕੇਰਲਾ ਨੇ ਮਨੁੱਖੀ ਵਿਕਾਸ ਦੇ ਸਭ ਤੋਂ ਬੁਨਿਆਦੀ ਪੈਮਾਨੇ ’ਤੇ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜਨਮ ਲੈਣ ਵਾਲੇ 1000 ਬੱਚਿਆਂ ਵਿੱਚੋਂ ਕਿੰਨੇ ਜ਼ਿੰਦਾ ਰਹਿੰਦੇ ਹਨ, ਇਹ ਕਿਸੇ ਦੇਸ਼ ਜਾਂ ਸਮਾਜ ਦੀ ਇਨਸਾਨੀ ਉੱਨਤੀ ਦਾ ਸਭ ਤੋਂ ਵੱਡਾ ਪੈਮਾਨਾ ਹੈ। ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸ ਆਰ ਐੱਸ) ਸਟੈਟਿਸਟੀਕਲ ਰਿਪੋਰਟ-2023, ਜਿਹੜੀ ਪਿਛਲੇ ਹਫਤੇ ਰਿਲੀਜ਼ ਕੀਤੀ ਗਈ, ਮੁਤਾਬਕ 2022 ਵਿੱਚ ਕੇਰਲਾ ਵਿੱਚ ਜਨਮ ਲੈਣ ਵਾਲੇ 1000 ਬੱਚਿਆਂ ਵਿੱਚੋਂ ਮਰਨ ਵਾਲਿਆਂ ਦੀ ਗਿਣਤੀ ਸਿਰਫ ਪੰਜ ’ਤੇ ਆ ਗਈ ਸੀ ਅਤੇ 9995 ਜਿਊਂਦੇ ਰਹੇ। ਅਮਰੀਕਾ ਵਿੱਚ 5.6 ਬੱਚਿਆਂ ਦੀ ਮੌਤ ਹੋਈ। ਭਾਰਤ ਵਿੱਚ ਇਹ ਔਸਤ 25 ਸੀ। ਮਤਲਬ 1000 ਜਨਮ ਲੈਣ ਵਾਲੇ ਬੱਚਿਆਂ ਵਿੱਚੋਂ 25 ਤੁਰੰਤ ਮਰ ਗਏ। ਇੱਥੇ ਇਹ ਜ਼ਿਕਰ ਕਰਨਾ ਵੀ ਖਾਸ ਹੈ ਕਿ ਕੇਰਲਾ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਜਿਊਂਦੇ ਰਹਿਣ ਜਾਂ ਮਰਨ ਦੇ ਮਾਮਲੇ ਵਿੱਚ ਫਰਕ ਨਾਂਹ ਦੇ ਬਰਾਬਰ ਹੈ। ਕੋਈ ਮਾਂ ਸ਼ਹਿਰੀ ਹੋਵੇ ਜਾਂ ਪੇਂਡੂ, ਬੱਚੇ ਨੂੰ ਜਨਮ ਦੇਣ ਵੇਲੇ ਉਸ ਦਾ ਬਰਾਬਰ ਖਿਆਲ ਰੱਖਿਆ ਜਾਂਦਾ ਹੈ। ਕੇਰਲਾ ਵਾਸੀਆਂ ਲਈ ਸਭ ਤੋਂ ਵੱਧ ਮਾਣ ਵਾਲੀ ਗੱਲ ਇਹ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਕਰੀਬ 99 ਫੀਸਦੀ (98.99) ਮਾਵਾਂ ਕਿਸੇ ਨਾ ਕਿਸੇ ਮੈਡੀਕਲ ਅਦਾਰੇ ਦੇ ਟਰੇਂਡ ਡਾਕਟਰਾਂ ਤੇ ਨਰਸਾਂ ਦੀ ਦੇਖਰੇਖ ਵਿੱਚ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਪਿੰਡਾਂ ਵਿੱਚ ਕਰੀਬ 97 ਫੀਸਦੀ ਮਾਵਾਂ ਵੀ ਟਰੇਂਡ ਡਾਕਟਰਾਂ ਤੇ ਨਰਸਾਂ ਦੀ ਦੇਖਰੇਖ ਵਿੱਚ ਜਨਮ ਦਿੰਦੀਆਂ ਹਨ।
ਇਹ ਉੱਨਤ ਪੈਮਾਨਾ ਸਿਰਫ ਸਿਹਤ ਸੇਵਾ ਜਾਂ ਮੈਡੀਕਲ ਸਹੂਲਤਾਂ ਉਪਲੱਬਧ ਕਰਵਾ ਕੇ ਹੀ ਨਹੀਂ ਹਾਸਲ ਕੀਤਾ ਜਾ ਸਕਦਾ, ਇਸ ਲਈ ਸਮਾਜ ਤੇ ਪਰਵਾਰਾਂ ਦੀ ਜਾਗਰੂਕਤਾ ਤੇ ਸਹਿਯੋਗ ਜ਼ਰੂਰੀ ਹੈ। ਵੱਡੀ ਗਿਣਤੀ ਵਿੱਚ ਡਾਕਟਰਾਂ ਤੇ ਨਰਸਾਂ ਦੀ ਲੋੜ ਤਾਂ ਹੁੰਦੀ ਹੀ ਹੈ। ਇਹ ਪ੍ਰਾਪਤੀ ਸਿਰਫ ਸਰਕਾਰ, ਸਿਆਸੀ ਪਾਰਟੀਆਂ ਤੇ ਮੈਡੀਕਲ ਸਹੂਲਤਾਂ ਦੇ ਆਧਾਰ ’ਤੇ ਹੀ ਹਾਸਲ ਨਹੀਂ ਕੀਤੀ ਜਾ ਸਕਦੀ, ਇਸ ਲਈ ਪੂਰੇ ਸਮਾਜ ਵਿੱਚ ਇੱਕ ਬੁਨਿਆਦੀ ਇਨਕਲਾਬੀ ਪਰਿਵਰਤਨ ਦੀ ਲੋੜ ਹੁੰਦੀ ਹੈ। ਕੇਰਲਾ ਦੀਆਂ ਪਾਰਟੀਆਂ, ਸਰਕਾਰ ਤੇ ਸਰਕਾਰੀ ਢਾਂਚਾ ਹੀ ਸਿਰਫ ਉੱਨਤ ਨਹੀਂ ਹੋਇਆ, ਪੂਰੇ ਦਾ ਪੂਰਾ ਸਮਾਜ ਬਦਲਿਆ ਹੈ। ਉਸ ਦੇ ਸੋਚਣ ਦਾ ਢੰਗ, ਜਿਊਣ ਦਾ ਢੰਗ, ਉਸ ਦੀ ਸੰਵੇਦਨਾ, ਸਰੋਕਾਰ ਬਦਲੇ ਹਨ। ਇਸ ਵਿੱਚ ਸਾਰੇ ਧਾਰਮਕ ਤੇ ਸਮਾਜੀ ਸਮੂਹਾਂ ਨੇ ਵੀ ਰੋਲ ਨਿਭਾਇਆ ਹੈ। 2011 ਦੀ ਜਨਗਣਨਾ ਮੁਤਾਬਕ ਕੇਰਲਾ ਵਿੱਚ 54.73 ਫੀਸਦੀ ਹਿੰਦੂ, 26.56 ਫੀਸਦੀ ਮੁਸਲਮਾਨ, 18.38 ਫੀਸਦੀ ਈਸਾਈ ਅਤੇ 0.33 ਫੀਸਦੀ ਹੋਰਨਾਂ ਧਰਮਾਂ ਦੇ ਲੋਕ ਜਾਂ ਕਿਸੇ ਧਰਮ ਨੂੰ ਨਾ ਮੰਨਣ ਵਾਲੇ ਲੋਕ ਸਨ। ਸੂਬੇ ਵਿੱਚ ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ ਨੇ ਮਿਲ ਕੇ ਧਰਮ ਨਿਰਪੱਖ ਸ਼ਾਨਦਾਰ ਕੇਰਲਾ ਮਾਡਲ ਖੜ੍ਹਾ ਕੀਤਾ ਹੈ। ਕੇਰਲਾ ਵਿੱਚ ਖੱਬੇ-ਪੱਖੀ ਅੰਦੋਲਨ, ਬਹੁਜਨ ਅੰਦੋਲਨ ਅਤੇ ਉਦਾਰਵਾਦੀ ਅੰਦੋਲਨ ਬਰਾਬਰ ਮਜ਼ਬੂਤ ਰਹੇ ਹਨ। ਤਿੰਨਾਂ ਦੇ ਸੰਘਰਸ਼ਾਂ ਨੇ ਕੇਰਲਾ ਨੂੰ ਭਾਰਤ ਦਾ ਇੱਕ ਅਜਿਹਾ ਸੂਬਾ ਬਣਾਇਆ ਹੈ, ਜਿਹੜਾ ਇਨਸਾਨੀਅਤ ਦੀ ਵਿਕਾਸ ਯਾਤਰਾ ਵਿੱਚ ਦੁਨੀਆ ਦੇ ਸਿਖਰਲੇ ਦੇਸ਼ਾਂ ਵਿੱਚ ਸ਼ਾਮਲ ਹੈ। ਸੋ, ਸਿਹਤ ਦੇ ਕੇਰਲਾ ਮਾਡਲ ’ਤੇ ਹੀ ਮਾਣ ਕੀਤਾ ਜਾ ਸਕਦਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਵੀ ਕੇਰਲਾ ਦਾ ਮਜ਼ਬੂਤ ਬੁਨਿਆਦੀ ਸਿਹਤ ਢਾਂਚਾ ਚਰਚਿਤ ਹੋਇਆ ਸੀ।