ਬਿਹਤਰੀਨ ਪੱਤਰਕਾਰ ਦਾ ਦੇਹਾਂਤ

0
159

ਨਵੀਂ ਦਿੱਲੀ : ਭਾਰਤ ਦੇ ਬਿਹਤਰੀਨ ਸਿਆਸੀ ਪੱਤਰਕਾਰਾਂ ਵਿੱਚੋਂ ਇੱਕ ਤੇ ਕੋਲਕਾਤਾ ਤੋਂ ਛਪਦੇ ‘ਦੀ ਟੈਲੀਗ੍ਰਾਫ’ ਦੇ ਸੰਪਾਦਕ ਸੰਕਰਸ਼ਣ ਠਾਕੁਰ (63) ਦਾ ਸੋਮਵਾਰ ਦੇਹਾਂਤ ਹੋ ਗਿਆ। 1962 ਵਿੱਚ ਪਟਨਾ ਵਿੱਚ ਪੈਦਾ ਹੋਏ ਸੰਕਰਸ਼ਣ ਠਾਕੁਰ ਨੇ ਪੱਤਰਕਾਰਤਾ ਦੀ ਸ਼ੁਰੂਆਤ 1984 ਵਿੱਚ ਸੰਡੇ ਮੈਗਜ਼ੀਨ ਤੋਂ ਕੀਤੀ ਸੀ। ਉਹ ਇੰਡੀਅਨ ਐੱਕਸਪ੍ਰੈੱਸ ਵਿੱਚ ਐਸੋਸੀਏਟ ਐਡੀਟਰ ਤੇ ‘ਤਹਿਲਕਾ’ ਵਿੱਚ ਐਗਜ਼ੀਕਿਊਟਿਵ ਐਡੀਟਰ ਰਹੇ ਤੇ 2023 ਵਿੱਚ ‘ਦੀ ਟੈਲੀਗ੍ਰਾਫ’ ਦੇ ਐਡੀਟਰ ਬਣੇ। ਉਨ੍ਹਾ ਦੀ ‘ਦੀ ਮੇਕਿੰਗ ਆਫ ਲਾਲੂ ਯਾਦਵ : ਦੀ ਅਨਮੇਕਿੰਗ ਆਫ ਬਿਹਾਰ’ ਕਿਤਾਬ ਕਾਫੀ ਪ੍ਰਸਿੱਧ ਹੋਈ। ਉਨ੍ਹਾ ‘ਸਬਾਲਟਰਨ ਸਾਹਿਬ’ ਕਿਤਾਬ ਵਿੱਚ ਲਾਲੂ ਪ੍ਰਸਾਦ ਯਾਦਵ ਦੇ ਉਭਾਰ ਤੇ ਬਿਹਾਰ ਦੀ ਵਿਘਟਨ ਦਾ ਜ਼ਿਕਰ ਕੀਤਾ। ਇਹ ਸਿਰਫ ਇੱਕ ਆਗੂ ਦੀ ਕਹਾਣੀ ਨਹੀਂ, ਸਗੋਂ ਉਸ ਸਮਾਜ ਦਾ ਦਸਤਾਵੇਜ਼, ਜਿਸ ਨੇ ਉਸ ਨੂੰ ਜਨਮ ਦਿੱਤਾ। ‘ਸਿੰਗਲ ਮੈਨ’ ਪੁਸਤਕ ਵਿੱਚ ਉਨ੍ਹਾ ਨਿਤੀਸ਼ ਕੁਮਾਰ ਦੀ ਸਿਆਸੀ ਯਾਤਰਾ ਤੇ ਉਨ੍ਹਾ ਦੇ ਦਵੰਦ ਦੀ ਗਾਥਾ ਸਾਹਮਣੇ ਲਿਆਂਦੀ। ‘ਦੀ ਬ੍ਰਦਰਜ਼ ਬਿਹਾਰੀ ਲਾਲੂ ਤੇ ਨਿਤੀਸ਼’ ਪੁਸਤਕ ਵਿੱਚ ਦੋਹਾਂ ਦੀਆਂ ਮੁਤਵਾਜ਼ੀ ਯਾਤਰਾਵਾਂ ਦਾ ਚਿਤਰਣ ਕੀਤਾ, ਜਿਨ੍ਹਾਂ ਬਿਹਾਰ ਨੂੰ ਦੋ ਦਿਸ਼ਾਵਾਂ ਵਿੱਚ ਖਿੱਚਿਆ।ਐੱਨ ਡੀ ਟੀ ਵੀ ਦੀ ਸਾਬਕਾ ਪੱਤਰਕਾਰ ਨਿਜੀ ਰਾਜ਼ਦਾਨ ਨੇ ਕਿਹਾ ਕਿ ਉਹ ਕੁਝ ਗਿਣੇ-ਚੁਣੇ ਪੱਤਰਕਾਰਾਂ ਵਿੱਚੋਂ ਸਨ, ਜਿਹੜੇ ਸੱਚ ਵਿੱਚ ਜੰਮੂ-ਕਸ਼ਮੀਰ ਦੀਆਂ ਪੇਚੀਦਗੀਆਂ ਨੂੰ ਸਮਝਦੇ ਸਨ। ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਕਿਹਾ ਕਿ ਸੰਕਰਸ਼ਣ ਠਾਕੁਰ ਦੀ ਲਿਖਾਵਟ ਦਾ ਕੋਈ ਸਾਨੀ ਨਹੀਂ। ਉਨ੍ਹਾ ਜੋ ਲਿਖਿਆ ਹੋਇਆ ਦਸਤਾਵੇਜ਼ ਛੱਡਿਆ ਹੈ, ਉਨ੍ਹਾਂ ਖਬਰਾਂ ਨਾਲ ਸਾਹਿਤ ਦੀ ਕਿਤਾਬ ਬਣ ਜਾਵੇਗੀ। ‘ਇੰਡੀਆ ਟੂਡੇ’ ਦੇ ਰਾਜਦੀਪ ਸਰਦੇਸਾਈ ਨੇ ਕਿਹਾ, ‘ਉਨ੍ਹਾ ਦੀ ਡੂੰਘੀ ਸਮਝ ਮੇਰਾ ਗਿਆਨ ਵਧਾਉਦੀ ਸੀ।’
ਸੈਣੀ ਨੇ ਮਾਨ ਦਾ ਹਾਲ ਜਾਣਿਆ
ਮੁਹਾਲੀ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੋਮਵਾਰ ਸਵੇਰੇ 10 ਵਜੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਪਹੁੰਚੇ। ਉਹ ਪੱਚੀ ਮਿੰਟ ਦੇ ਕਰੀਬ ਠਹਿਰੇ ਅਤੇ ਮਾਨ ਦੀ ਸਿਹਤ ਦਾ ਹਾਲ ਜਾਣਿਆ।