ਪਿੰਡਾਂ ’ਚ ਨਸ਼ੇ ਦੇ ਸੁਦਾਗਰ ਮੌਤ ਵੰਡ ਰਹੇ : ਦੇਵੀ ਕੁਮਾਰੀ

0
66

ਸ਼ਾਹਕੋਟ (ਗਿਆਨ ਸੈਦਪੁਰੀ)
‘‘ਪੰਜਾਬ ’ਚ ‘ਯੁੱਧ ਨਸ਼ਿਆਂ ਵਿਰੁੱਧ’ ਦਾ ਪ੍ਰਚਾਰ ਬੜੇ ਵੱਡੇ ਪੱਧਰ ’ਤੇ ਹੋਇਆ, ਜੋ ਅਜੇ ਵੀ ਜਾਰੀ ਹੈ। ਨਸ਼ੇ ਨੂੰ ਠੱਲ੍ਹ ਪਾ ਲੈਣ ਦੇ ਦਾਅਵੇ-ਦਰ-ਦਾਅਵੇ ਵੀ ਕੀਤੇ ਜਾ ਰਹੇ ਹਨ। ਇਸ ਪ੍ਰਚਾਰ ਅਤੇ ਦਾਅਵਿਆਂ ਵਿੱਚ ਕੁਝ ਸੱਚ ਵੀ ਹੋ ਸਕਦਾ ਹੈ, ਪਰ ਪੰਜਾਬ ਵਿੱਚ ਜ਼ਮੀਨੀ ਪੱਧਰ ’ਤੇ ਜਾ ਕੇ ਹਾਲਾਤ ਜਾਣੀਏ ਤਾਂ ਦਿਲ ਪਸੀਜ ਕੇ ਰਹਿ ਜਾਦਾ ਹੈ। ਨਸ਼ੇ ਦੀ ਜ਼ਿਆਦਾ ਮਾਤਰਾ ’ਚ ਵਰਤੋਂ ਕਰਨ ਨਾਲ ਹਰ ਰੋਜ਼ ਮੌਤਾਂ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਦੇ ਪੰਨੇ ਮੱਲ ਰਹੀਆਂ ਹਨ।’’ ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕੀਤਾ। ਉਹ ਤਰਨ ਤਾਰਨ ਨੇੜਲੇ ਪਿੰਡ ਜਾਮਾਰਾਏ ਵਿੱਚ ਨਸ਼ੇ ਦੀ ਵਧੇਰੇ ਮਾਤਰਾ ਲੈਣ ਨਾਲ ਮੌਤ ਦੇ ਮੂੰਹ ਜਾ ਪਏ ਦੋ ਸਕੇ ਭਰਾਵਾਂ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਉਪਰੰਤ ਇਸ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾ ਦੱਸਿਆ ਕਿ ਰਣਜੀਤ ਕੌਰ (ਚਾਚੀ) ਦੇ ਵੱਡੇ ਪੁੱਤਰ ਦੀ ਪਹਿਲਾਂ ਹੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਬੀਤੇ ਕੱਲ੍ਹ ਰਣਜੀਤ ਕੌਰ ਦੇ ਦੋ ਪੁੱਤਰਾਂ ਗੁਰਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ। ਸਰਹਾਲੀ ਕਲਾਂ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦੇ ਅੰਤਮ ਇਸ਼ਨਾਨ ਕਰਵਾਉਣ ਲਈ ਵੀ ਕੋਈ ਅੱਗੇ ਨਾ ਆਇਆ। ਲਾਸ਼ਾਂ ’ਤੇ ਐਵੇਂ ਪਾਣੀ ਤਰੌਂਕ ਕੇ ਇਸ਼ਨਾਨ ਦੀ ਰਸਮ ਜਿਹੀ ਪੂਰੀ ਕੀਤੀ ਗਈ। ਮਰਨ ਵਾਲੇ ਦੋ ਭਰਾਵਾਂ ’ਚੋਂ ਵੱਡੇ ਦੀਆਂ ਦੋ ਛੋਟੀਆਂ ਲੜਕੀਆਂ ਹਨ। ਆਪਣੀ ਦਾਦੀ ਦਾ ਵਿਰਲਾਪ ਸੁਣ ਕੇ ਦੋਵੇਂ ਲੜਕੀਆਂ ਡੋਰਭੌਰੀਆਂ ਹੋ ਕੇ ਬਾਕੀ ਲੋਕਾਂ ਵੱਲ ਤੱਕ ਰਹੀਆਂ ਸਨ। ਇਹ ਮੰਜ਼ਰ ਦੇਖ ਕੇ ਹਰ ਸੰਵੇਦਨਸ਼ੀਲ ਬੰਦੇ ਦੀਆਂ ਅੱਖਾਂ ਵਿੱਚੋਂ ਅੱਥਰੂ ਛਲਕ ਪਏ। ਜਿਸ ਮਾਂ ਦੇ ਤਿੰਨ ਪੁੱਤਰ ਨਸ਼ੇ ਕਾਰਨ ਕੁਵੇਲੇ ਦੁਨੀਆ ਛੱਡ ਜਾਣ ਉਸ ਦਾ ਜਿਊਣਾ ਦੁੱਭਰ ਹੋਣ ਨਾਲ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਨਾਲ ਉਪਜੇ ਅਹਿਸਾਸ ਦੀ ਚੀਸ ਹੋਰ ਵਧੇਰੇ ਦਰਦਨਾਕ ਹੋ ਜਾਂਦੀ ਹੈ। ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਹਰੇਕ ਜਾਤੀ ਦੇ ਨੌਜਵਾਨਾਂ ਦਾ ਇੱਕ ਹਿੱਸਾ ਨਸ਼ੇ ਦੀ ਲਤ ਕਾਰਨ ਕਬਰਾਂ ਦੇ ਰਾਹ ਪਿਆ ਹੋਇਆ ਹੈ, ਪਰ ਬਹੁਤੀ ਮਾਰ ਗਰੀਬ ਮਜ਼ਦੂਰਾਂ ਨੂੰ ਪੈ ਰਹੀ ਹੈ। ਉਹ ਕੰਮ ਨਾ ਮਿਲਣ ਅਤੇ ਹੋਰ ਕਈ ਮੁਸੀਬਤਾਂ ’ਚ ਘਿਰੇ ਹੋਣ ਕਾਰਨ ਪ੍ਰੇਸ਼ਾਨੀ ਦੇ ਆਲਮ ਵਿੱਚ ਹਨ। ਇਹ ਪ੍ਰੇਸ਼ਾਨੀ ਵੀ ਨਸ਼ੇ ਵੱਲ ਧੱਕ ਰਹੀ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਬਹੁਤੇ ਪਿੰਡਾਂ ਵਿੱਚ ਨਸ਼ੇ ਦੇ ਸੁਦਾਗਰ ਮੌਤ ਵੰਡ ਰਹੇ ਹਨ। ਨਸ਼ਿਆਂ ਵਿਰੁੱਧ ਯੁੱਧ ਇਨ੍ਹਾਂ ਨੂੰ ਖ਼ਤਮ ਕਿਉਂ ਨਹੀਂ ਕਰ ਰਿਹਾ, ਇਹ ਸੋਚਣ ਦਾ ਵੇਲਾ ਹੈ।