ਓਰੇਮ : ਕੰਜ਼ਰਵੇਟਿਵ ਕਾਰਕੁਨ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀ ਸਹਿਯੋਗੀ ਅਤੇ ਗੰਨ ਕਲਚਰ ਦੇ ਹਾਮੀ ਚਾਰਲੀ ਕਿਰਕ (31) ਨੂੰ ਬੁੱਧਵਾਰ ਨੂੰ ਯੂਟਾ ਕਾਲਜ ਦੇ ਇੱਕ ਸਮਾਗਮ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਨੂੰ ਰਾਜ ਦੇ ਗਵਰਨਰ ਨੇ ‘ ਸਿਆਸੀ ਕਤਲ’ ਕਿਹਾ ਹੈ। ਯੂਟਾ ਦੇ ਗਵਰਨਰ ਸਪੈਨਸਰ ਕੌਕਸ ਨੇ ਕਿਹਾ ਕਿ ਬੁੱਧਵਾਰ ਸ਼ਾਮ ਨੂੰ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ, ਹਾਲਾਂ ਕਿ ਤੁਰੰਤ ਕੋਈ ਦੋਸ਼ ਐਲਾਨ ਨਹੀਂ ਕੀਤੇ ਗਏ। ਕੌਕਸ ਨੇ ਕਿਹਾ, ‘ਇਹ ਸਾਡੇ ਰਾਜ ਲਈ ਇੱਕ ਕਾਲਾ ਦਿਨ ਹੈ, ਅਸੀਂ ਹਰ ਉਸ ਵਿਅਕਤੀ ਦੀ ਸਰਗਰਮੀ ਨਾਲ ਭਾਲ ਕਰ ਰਹੇ ਹਾਂ ਜਿਸ ਕੋਲ ਗੋਲੀਬਾਰੀ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੈ।’ ਯੂਟਾ ਦੇ ਅਧਿਕਾਰੀਆਂ ਨੇ ਕਿਹਾ ਕਿ ਹਮਲਾਵਰ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਕੈਂਪਸ ਵਿੱਚ ਕੁਝ ਦੂਰੀ ’ਤੇ ਇੱਕ ਛੱਤ ਤੋਂ ਗੋਲੀ ਚਲਾਈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਰਕ ਦੀ ਮੌਤ ਦਾ ਐਲਾਨ ਕਰਦਿਆਂ ਉਸ ਨੂੰ ਮਹਾਨ ਕਹਿ ਕੇ ਪ੍ਰਸੰਸਾ ਕੀਤੀ। ਕਿਰਕ ਨੌਜਵਾਨ ਸੰਗਠਨ ਟਰਨਿੰਗ ਪੁਆਇੰਟ ਯੂ ਐੱਸ ਏ ਦੇ ਸਹਿ-ਸੰਸਥਾਪਕ ਅਤੇ ਸੀ ਈ ਓ ਸੀ। ਟਰੰਪ ਨੇ ਆਪਣੇ ਟਰੂਥ ਸੋਸ਼ਲ ਅਕਾਊਂਟ ’ਤੇ ਪੋਸਟ ਕੀਤਾਸੰਯੁਕਤ ਰਾਜ ਅਮਰੀਕਾ ਵਿੱਚ ਚਾਰਲੀ ਨਾਲੋਂ ਵੱਧ ਨੌਜਵਾਨਾਂ ਦੇ ਦਿਲਾਂ ਨੂੰ ਕੋਈ ਨਹੀਂ ਸਮਝ ਸਕਿਆ।ਯੂਟਾ ਵੈਲੀ ਯੂਨੀਵਰਸਿਟੀ ਤੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਵੀਡੀਓਜ਼ ਵਿੱਚ ਕਿਰਕ ਨੂੰ ਮਾਈਕ ਵਿੱਚ ਬੋਲਦੇ ਹੋਏ ਦਿਖਾਇਆ ਗਿਆ ਹੈ, ਜਦੋਂ ਉਹ ‘ਦਿ ਅਮਰੀਕਨ ਕਮਬੈਕ’ ਅਤੇ ‘ਪਰੂਵ ਮੀ ਰੌਂਗ’ ਦੇ ਨਾਅਰਿਆਂ ਵਾਲੇ ਇੱਕ ਚਿੱਟੇ ਤੰਬੂ ਦੇ ਹੇਠਾਂ ਬੈਠਾ ਸੀ। ਇੱਕ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ । ਉਸ ਦੀ ਗਰਦਨ ਦੇ ਖੱਬੇ ਪਾਸੇ ਤੋਂ ਵੱਡੀ ਮਾਤਰਾ ਵਿੱਚ ਖੂਨ ਨਿਕਲਦਾ ਹੈ। ਡਰ ਕਾਰਨ ਲੋਕਾਂ ਨੂੰ ਉੱਥੋਂ ਭੱਜਦੇ ਅਤੇ ਚੀਕਦੇ ਸੁਣਿਆ ਜਾਂਦਾ ਹੈ।


