ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਦੇ ਚਰਚੇ ਭਾਵੇਂ ਹੁਣ ਜ਼ੋਰ ਫੜ ਰਹੇ ਹਨ, ਪਰ ਭਾਜਪਾ ਦੇ ਚਾਰ ਆਗੂ ਅਜਿਹੇ ਹਨ, ਜਿਨ੍ਹਾਂ ਲਗਾਤਾਰ ਇਸ ਸਮਝੌਤੇ ਦੀ ਵਕਾਲਤ ਕੀਤੀ, ਉਹ ਵੀ ਉਸ ਵੇਲੇ, ਜਦੋਂ ਪਾਰਟੀ ਹਾਈਕਮਾਂਡ ਇਸ ਦੇ ਬਿਲਕੁਲ ਵੀ ਹੱਕ ਵਿੱਚ ਨਹੀਂ ਸੀ | ਸੂਤਰਾਂ ਮੁਤਾਬਕ ਇਸ ਸਾਲ 13 ਜੂਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੀ ਪਹਿਲੀ ਰਣਨੀਤਕ ਮੀਟਿੰਗ ‘ਚ ਸ਼ਾਹ ਗੱਠਜੋੜ ਨਾ ਕਰਨ ਦੇ ਸਭ ਤੋਂ ਵੱਡੇ ਹਮਾਇਤੀ ਸਨ | ਸ਼ਾਹ ਨੇ ਹਾਜ਼ਰ ਨੇਤਾਵਾਂ ਨੂੰ ਪੁੱਛਿਆ ਸੀ ਕਿ ਗੱਠਜੋੜ ਦੇ ਹੱਕ ਵਿੱਚ ਕੌਣ-ਕੌਣ ਹੈ, ਇਸ ‘ਤੇ ਤਿੰਨ ਹੱਥ ਖੜ੍ਹੇ ਹੋਏ ਸਨ | ਇਹ ਆਗੂ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਤੇ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਸਨ | ਭਾਜਪਾ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਆਗੂਆਂ ਨੇ ਲਗਾਤਾਰ ਅਕਾਲੀ ਦਲ ਨਾਲ ਸਮਝੌਤੇ ਦੀ ਪੈਰਵੀ ਕੀਤੀ ਹੈ | ਉਨ੍ਹਾਂ ਦਲੀਲ ਦਿੱਤੀ ਕਿ ਪੰਜਾਬ ਵਿੱਚ ਬਣ ਰਹੇ ਬਹੁ-ਕੋਣੀ ਮੁਕਾਬਲੇ ਅਤੇ ਮੌਜੂਦਾ ਸਿਆਸੀ ਹਾਲਾਤ ਵਿੱਚ ਇਹ ਗਠਜੋੜ ਪਾਰਟੀ ਲਈ ਇੱਕ ਵੱਡੀ ਤਾਕਤ ਸਾਬਤ ਹੋਵੇਗਾ | ਕੈਪਟਨ ਅਮਰਿੰਦਰ ਸਿੰਘ ਵੀ ਗੱਠਜੋੜ ਦੇ ਹੱਕ ਵਿੱਚ ਡਟਦੇ ਰਹੇ ਹਨ |



