ਯੂ ਪੀ ‘ਚ ਸਿਆਸੀ ਹਵਾ ਦਾ ਰੁਖ਼

0
2

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਟਵੀਟ ਕੀਤਾ-ਚਾਰ ਰਾਜਾਂ ਵਿੱਚ 28 ਐੱਮ ਐੱਲ ਸੀ ਸੀਟਾਂ ਲਈ ਬੈਲੇਟ ਪੇਪਰਾਂ ਨਾਲ ਚੋਣਾਂ ਹੋਈਆਂ | ਅੰਦਾਜ਼ਾ ਲਾਓ ਕਾਂਗਰਸ ਨੇ ਕਿੰਨੀਆਂ ਸੀਟਾਂ ਜਿੱਤੀਆਂ? ਇਸ ਟਵੀਟ ਨੂੰ ਸ਼ੇਅਰ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਜਵਾਬ ਵਿੱਚ ਲਿਖਿਆ-ਗੋਲ ਆਂਡਾ |
ਦੋਹਾਂ ਨੇ ਇਹ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਕਾਂਗਰਸ ਬੈਲੇਟ ਪੇਪਰ ਨਾਲ ਚੋਣਾਂ ਕਰਾਉਣ ਦੀ ਮੰਗ ਕਰਦੀ ਹੈ ਤੇ ਬੈਲੇਟ ਪੇਪਰ ਨਾਲ ਹੋਈਆਂ ਚੋਣਾਂ ਵਿੱਚ ਵੀ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਹੈ | ਪਰ ਸਾਰੇ ਨਤੀਜੇ ਆਉਣ ਤੋਂ ਪਹਿਲਾਂ ਹੀ ਸਿਰਜੇ ਗਏ ਇਸ ਬਿਰਤਾਂਤ ਦੀ ਫੂਕ ਉਦੋਂ ਨਿਕਲ ਗਈ, ਜਦੋਂ ਭਾਜਪਾ ਦੇ ਪਿ੍ਤਪਾਲਕ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਦੇ ਹੈੱਡਕੁਆਰਟਰ ਨਾਗਪੁਰ ਵਿੱਚ ਗੈ੍ਰਜੂਏਟ ਹਲਕੇ ਦੀ ਸੀਟ ਕਾਂਗਰਸ ਦੇ ਅਭਿਜੀਤ ਵਣਜਾਰੀ ਨੇ ਭਾਜਪਾ ਦੇ ਉਮੀਦਵਾਰ ਨੂੰ ਮਾਤ ਦੇ ਕੇ ਲਗਾਤਾਰ ਦੂਜੀ ਵਾਰ ਜਿੱਤ ਲਈ | ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕਈ ਵਾਰ ਨਾਗਪੁਰ ਤੋਂ ਐੱਮ ਐੱਲ ਸੀ ਰਹਿ ਚੁੱਕੇ ਹਨ ਤੇ ਫੜਨਵੀਸ ਵੀ ਉੱਥੋਂ ਜਿੱਤਦੇ ਹਨ |
ਚਾਰ ਰਾਜਾਂ-ਯੂ ਪੀ, ਬਿਹਾਰ, ਕਰਨਾਟਕ ਤੇ ਮਹਾਰਾਸ਼ਟਰ ਵਿੱਚ ਵਿਧਾਨ ਪ੍ਰੀਸ਼ਦ ਦੇ ਟੀਚਰਜ਼ ਤੇ ਗ੍ਰੈਜੂਏਟ ਹਲਕਿਆਂ ਦੀਆਂ ਇਨ੍ਹਾਂ ਚੋਣਾਂ ਦੇ ਸਾਰੇ ਨਤੀਜਿਆਂ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਦਾਅਵਿਆਂ ਦੇ ਬਾਵਜੂਦ ਭਾਜਪਾ ਖਾਸ ਮੱਲ ਨਹੀਂ ਮਾਰ ਸਕੀ | ਮਹਾਰਾਸ਼ਟਰ ਦੀਆਂ ਪੰਜ ਸੀਟਾਂ ਵਿੱਚੋਂ ਪਿਛਲੀ ਵਾਰ ਦੋ ਕਾਂਗਰਸ ਅਤੇ ਇੱਕ-ਇੱਕ ਇੰਡੀਆ ਬਲਾਕ ਵਿੱਚ ਸ਼ਾਮਲ ਨੈਸ਼ਨਲਿਸਟ ਕਾਂਗਰਸ ਪਾਰਟੀ (ਸ਼ਰਦ ਪਵਾਰ), ਟੁੱਟ ਕੇ ਭਾਜਪਾ ਗੱਠਜੋੜ ਨਾਲ ਰਲੀ ਨੈਸ਼ਨਲਿਸਟ ਕਾਂਗਰਸ ਪਾਰਟੀ (ਅਜੀਤ) ਅਤੇ ਸ਼ਿਵ ਸੈਨਾ (ਸ਼ਿੰਦੇ) ਕੋਲ ਸਨ | ਹੁਣ ਸ਼ਰਦ ਪਵਾਰ ਦੀ ਪਾਰਟੀ ਦੋ ਸੀਟਾਂ ਜਿੱਤ ਗਈ ਹੈ, ਜਦਕਿ ਕਾਂਗਰਸ ਦੀ ਇੱਕ ਜੋੜ ਕੇ ਇੰਡੀਆ ਬਲਾਕ ਦੀਆਂ ਤਿੰਨ ਹੋ ਗਈਆਂ ਹਨ | ਭਾਜਪਾ ਨੂੰ ਸਿਰਫ ਇੱਕ ਸੀਟ ਦਾ ਫਾਇਦਾ ਮਿਲਿਆ ਹੈ, ਜਦਕਿ ਉਸ ਦੀ ਸਹਿਯੋਗੀ ਸ਼ਿਵ ਸੈਨਾ ਨੇ ਪਹਿਲਾਂ ਵਾਂਗ ਇੱਕ ਹੀ ਜਿੱਤੀ ਹੈ |
ਬਿਹਾਰ ਦੀਆਂ 8 ਸੀਟਾਂ ਵਿੱਚੋਂ ਪਹਿਲਾਂ ਭਾਜਪਾ ਕੋਲ 2 ਤੇ ਉਸ ਦੀ ਸਹਿਯੋਗੀ ਜੇ ਡੀ (ਯੂ) ਕੋਲ ਇੱਕ ਸੀਟ ਸੀ | ਕਾਂਗਰਸ ਤੇ ਸੀ ਪੀ ਆਈ ਕੋਲ ਵੀ ਇੱਕ-ਇੱਕ ਸੀਟ ਸੀ, ਜਦਕਿ ਤਿੰਨ ਆਜ਼ਾਦ ਸਨ | ਹੁਣ ਭਾਜਪਾ ਨੇ ਇੱਕ ਵੱਧ (ਤਿੰਨ) ਜਿੱਤੀ ਹੈ | ਜੇ ਡੀ ਯੂ ਨੇ ਵੀ ਇੱਕ ਹੀ ਜਿੱਤੀ ਹੈ | ਕਾਂਗਰਸ ਤੇ ਸੀ ਪੀ ਆਈ ਨੇ ਆਪਣੀਆਂ ਸੀਟਾਂ ਗੁਆਈਆਂ ਹਨ, ਪਰ ਇੰਡੀਆ ਬਲਾਕ ਦੀ ਆਰ ਜੇ ਡੀ ਨੇ ਇੱਕ ਸੀਟ ਜਿੱਤ ਲਈ ਹੈ | ਪ੍ਰਸ਼ਾਂਤ ਕਿਸ਼ੋਰ ਦੀ ਨਵੀਂ ਬਣੀ ਜਨਸੁਰਾਜ ਪਾਰਟੀ ਨੇ ਇੱਕ ਸੀਟ ਨਾਲ ਖਾਤਾ ਖੋਲਿ੍ਹਆ ਹੈ | ਪਿਛਲੀ ਵਾਰ ਦੇ ਤਿੰਨ ਦੇ ਮੁਕਾਬਲੇ ਐਤਕੀਂ ਦੋ ਆਜ਼ਾਦ ਜਿੱਤੇ ਹਨ | ਕਰਨਾਟਕ ਵਿੱਚ ਚਾਰ ਸੀਟਾਂ ਵਿੱਚੋਂ ਤਿੰਨ ਸੀਟਾਂ ਭਾਜਪਾ ਨੇ ਤੇ ਇੱਕ ਉਸ ਦੀ ਸਹਿਯੋਗੀ ਜਨਤਾ ਦਲ (ਸੈਕੂਲਰ) ਨੇ ਜਿੱਤੀਆਂ ਹਨ | ਇਨ੍ਹਾਂ ਵਿੱਚੋਂ ਤਿੰਨ ਪਹਿਲਾਂ ਹੀ ਭਾਜਪਾ ਕੋਲ ਸਨ, ਜਦਕਿ ਕਾਂਗਰਸ ਕੋਲ ਇੱਕ ਹੀ ਸੀ |
ਉਪਰੋਕਤ ਤਿੰਨੋਂ ਰਾਜ ਉਹ ਹਨ, ਜਿੱਥੇ ਅਸੈਂਬਲੀ ਚੋਣਾਂ ਦੂਰ ਹਨ | ਅਸਲ ਨਤੀਜੇ ਤਾਂ ਯੂ ਪੀ, ਜਿੱਥੇ ਕੁਝ ਮਹੀਨਿਆਂ ਵਿੱਚ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ, ਤੋਂ ਆਏ ਹਨ | ਯੂ ਪੀ ਵਿੱਚ ਮੋਦੀ-ਯੋਗੀ ਦੀ ਕਰੀਬ 10 ਸਾਲ ਤੋਂ ਚੱਲ ਰਹੀ ਡਬਲ ਇੰਜਣ ਦੀ ਸਰਕਾਰ ਤਹਿਤ ਭਾਜਪਾ 11 ਵਿੱਚੋਂ 6 ਸੀਟਾਂ ਜਿੱਤ ਕੇ ਆਪਣੀ ਪੁਰਾਣੀ ਪੁਜ਼ੀਸ਼ਨ ਮਸੀਂ ਬਚਾ ਸਕੀ | ਪਿਛਲੀ ਵਾਰ ਭਾਜਪਾ ਦੀਆਂ 6 ਅਤੇ ਸਮਾਜਵਾਦੀ ਪਾਰਟੀ (ਸਪਾ) ਦੀਆਂ 3 ਅਤੇ ਸ਼ਿਕਸ਼ਕ ਦਲ ਦੀ ਇੱਕ ਸੀਟ ਸੀ, ਇੱਕ ਸੀਟ ਆਜ਼ਾਦ ਕੋਲ ਸੀ | ਸਪਾ 5 ਸੀਟਾਂ ਜਿੱਤ ਗਈ ਹੈ | ਸਪਾ ਦੀਆਂ ਜਿੱਤਾਂ ਇਸ ਕਰਕੇ ਅਹਿਮ ਹਨ, ਕਿਉਂਕਿ ਉਹ ਉਨ੍ਹਾਂ ਹਲਕਿਆਂ ਵਿੱਚ ਹੋਈਆਂ ਹਨ, ਜਿਹੜੇ ਧਾਰਮਿਕ-ਸਿਆਸੀ ਪੱਖੋਂ ਭਾਜਪਾ ਲਈ ਬਹੁਤ ਅਹਿਮੀਅਤ ਰੱਖਦੇ ਹਨ | ਪ੍ਰਧਾਨ ਮੰਤਰੀ ਦੇ ਲੋਕ ਸਭਾ ਹਲਕੇ ਵਾਰਾਣਸੀ ਵਿੱਚ ਗ੍ਰੈਜੂਏਟ ਤੇ ਟੀਚਰਜ਼ ਦੋਨੋਂ ਹਲਕਿਆਂ ਵਿੱਚ ਸਪਾ ਉਮੀਦਵਾਰ ਜਿੱਤੇ ਹਨ | ਅਲਾਹਾਬਾਦ-ਝਾਂਸੀ ਹਲਕੇ ਵਿੱਚ ਵੀ ਸਪਾ ਉਮੀਦਵਾਰ ਕਾਮਯਾਬ ਹੋਇਆ ਹੈ | ਯੋਗੀ ਦੇ ਸ਼ਹਿਰ ਗੋਰਖਪੁਰ ਦੀ ਸੀਟ ‘ਤੇ ਭਾਜਪਾ ਉਮੀਦਵਾਰ ਦੀ ਜਿੱਤ ਵਿੱਚ ਭਾਰੀ ਹੇਰਾਫੇਰੀ ਦੇ ਦੋਸ਼ ਲੱਗੇ ਹਨ | ਮੋਦੀ ਤੇ ਭਾਜਪਾ ਦੀ ਫੌਜ ਜਿਹੜੀ ਕਾਂਗਰਸ ਦੀ ਖਿੱਲੀ ਉਡਾ ਰਹੇ ਹਨ, ਉਸ ਨੇ ਤਾਂ ਯੂ ਪੀ ਵਿੱਚ ਚੋਣਾਂ ਲੜੀਆਂ ਹੀ ਨਹੀਂ | ਇੰਡੀਆ ਬਲਾਕ ਦੀ ਭਾਈਵਾਲ ਸਪਾ ਦੀ ਜਿੱਤ ਸੰਕੇਤ ਦਿੰਦੀ ਹੈ ਕਿ ਯੂ ਪੀ ਦਾ ਪੜਿ੍ਹਆ-ਲਿਖਿਆ ਵਰਗ ਕੀ ਸੋਚ ਰਿਹਾ ਹੈ | ਉਸ ਨੇ ਇਸ਼ਾਰਾ ਕਰ ਦਿੱਤਾ ਹੈ ਕਿ ਹਵਾ ਭਾਜਪਾ ਦੇ ਖਿਲਾਫ ਵਗ ਰਹੀ ਹੈ | ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਇਨ੍ਹਾਂ ਚੋਣਾਂ ਵਿੱਚ ਰਾਮ ਮੰਦਰ ‘ਚ ਚੰਦਾ ਚੋਰੀ ਨੂੰ ਮੁੱਖ ਮੁੱਦਾ ਬਣਾਇਆ ਸੀ |