ਇਲੈਕਟੋਰਲ ਬਾਂਡ ਰੱਦ ਕਰਾਉਣ ਵਾਲੇ ਜਗਦੀਪ ਛੋਕਰ ਨਹੀਂ ਰਹੇ

0
112

ਨਵੀਂ ਦਿੱਲੀ : ਚੋਣ ਸੁਧਾਰਾਂ ਲਈ ਜ਼ਬਰਦਸਤ ਸੰਘਰਸ਼ ਕਰਨ ਵਾਲੇ ਪ੍ਰੋਫੈਸਰ ਜਗਦੀਪ ਸਿੰਘ ਛੋਕਰ ਉਰਫ ਜਗਦੀਪ ਐੱਸ ਛੋਕਰ (81) ਦਾ ਸ਼ੁੱਕਰਵਾਰ ਵੱਡੇ ਤੜਕੇ ਇੱਥੇ ਦੇਹਾਂਤ ਹੋ ਗਿਆ। ਉਹ ਪਿੱਛੇ ਪਤਨੀ ਕਿਰਨ ਬੰਗਾ ਛੱਡ ਗਏ ਹਨ। ਛੋਕਰ ਦਾ ਜਨਮ ਰਘਬੀਰ ਸਿੰਘ ਤੇ ਚੰਦਰ ਕਲਾ ਦੇ ਘਰ 25 ਨਵੰਬਰ 1944 ਨੂੰ ਖਰੜ ਵਿੱਚ ਹੋਇਆ ਸੀ। ਐਸੋਸੀਏਸ਼ਨ ਫਾਰ ਡੈਮਕਰੇਟਿਕ ਰਿਫਾਰਮਜ਼ (ਏ ਡੀ ਆਰ) ਦੇ ਬਾਨੀ-ਟਰੱਸਟੀ ਛੋਕਰ ਦੇ ਮੋਢੇ ਦਾ ਫ੍ਰੈਕਚਰ ਹੋ ਗਿਆ ਸੀ ਤੇ ਫੇਫੜਿਆਂ ’ਚ ਇਨਫੈਕਸ਼ਨ ਹੋ ਗਈ ਸੀ। ਕਰੀਬ ਸਾਢੇ ਤਿੰਨ ਵਜੇ ਹਾਰਟ ਅਟੈਕ ਨਾਲ ਉਨ੍ਹਾ ਦੀ ਮੌਤ ਹੋ ਗਈ।
ਰੇਲਵੇ ਵਿੱਚ ਮਕੈਨੀਕਲ ਇੰਜੀਨੀਅਰ ਵਜੋਂ ਕਰੀਅਰ ਸ਼ੁਰੂ ਕਰਨ ਵਾਲੇ ਛੋਕਰ ਦਿੱਲੀ ਯੂਨੀਵਰਸਿਟੀ ਤੋਂ ਐੱਮ ਬੀ ਏ ਕਰਕੇ ਪੜ੍ਹਾਉਣ ਵਾਲੇ ਪਾਸੇ ਮੁੜ ਗਏ ਸਨ ਅਤੇ ਪਹਿਲਾਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਦੇ ਡੀਨ ਬਣੇ ਤੇ ਫਿਰ ਡਾਇਰੈਕਟਰ। ਇਸਤੋਂ ਬਾਅਦ ਉਹ ਦੇਸ਼ ਵਿੱਚ ਚੋਣ ਸੁਧਾਰਾਂ ਦੇ ਵਕੀਲ ਬਣ ਗਏ। ਇਸ ਪਾਸੇ ਉਹ ਉਦੋਂ ਆਏ ਜਦੋਂ ਆਈ ਆਈ ਐੱਮ ਅਹਿਮਦਾਬਾਦ ਵਿੱਚ ਆਪਣੇ ਸਾਥੀ ਤਿ੍ਰਲੋਚਨ ਸ਼ਾਸਤਰੀ ਦੇ 1999 ’ਚ ਲੋਕਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਵੇਲੇ ਪਾਰਦਰਸ਼ਤਾ ਦੇ ਅਹਿਮ ਸਵਾਲ ਉੱਠੇ। ਇੱਥੋਂ ਹੀ ਏ ਡੀ ਆਰ ਦਾ ਜਨਮ ਹੋਇਆ, ਜਿਹੜੀ ਚੋਣ ਪ੍ਰਕਿਰਿਆ ਵਿੱਚ ਪਾਦਰਸ਼ਤਾ ਲਈ ਨਿਰੰਤਰ ਕੰਮ ਕਰ ਰਹੀ ਹੈ। ਛੋਕਰ ਤੇ ਸ਼ਾਸਤਰੀ ਨੇ ਇਹ ਆਵਾਜ਼ ਜ਼ੋਰਦਾਰ ਢੰਗ ਨਾਲ ਬੁਲੰਦ ਕੀਤੀ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਪਹਿਲਾਂ ਉਮੀਦਵਾਰਾਂ ਦਾ ਸਿਰਫ ਬੁਨਿਆਦੀ ਜਾਣਕਾਰੀ ਦੇ ਕੇ ਸਰ ਜਾਂਦਾ ਸੀ। ਛੋਕਰ ਤੇ ਸ਼ਾਸਤਰੀ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਨਵੰਬਰ 2022 ਵਿੱਚ ਹੁਕਮ ਦਿੱਤਾ ਕਿ ਉਮੀਦਵਾਰ ਨੂੰ ਨਾਮਜ਼ਦਗੀ ਕਾਗਜ਼ਾਂ ਦੇ ਨਾਲ ਆਪਣੀ ਵਿਦਿਅਕ ਯੋਗਤਾ, ਆਮਦਨ, ਅਸਾਸੇ ਤੇ ਫੌਜਦਾਰੀ ਕੇਸਾਂ ਬਾਰੇ ਹਲਫੀਆ ਬਿਆਨ ਜਮ੍ਹਾਂ ਕਰਾਉਣਾ ਹੋਵੇਗਾ। ਏ ਡੀ ਆਰ ਦੀ ਇੱਕ ਵੱਡੀ ਕਾਮਯਾਬੀ ਉਹ ਸੀ ਜਦੋਂ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਇਲੈਕਟੋਰਲ ਬਾਂਡ ਦੀ ਸਕੀਮ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰੱਦ ਕਰ ਦਿੱਤਾ।
ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਪ੍ਰੋਫੈਸਰ ਛੋਕਰ ਦਾ ਜਾਣਾ ਦੇਸ਼ ਦੀ ਜਮਹੂਰੀਅਤ ਲਈ ਵੱਡਾ ਧੱਕਾ ਹੈ। ਯੋਗੇਂਦਰ ਯਾਦਵ ਨੇ ਕਿਹਾ ਕਿ ਉਹ ਜਮਹੂਰੀਅਤ ਤੇ ਜਨਤਕ ਕਾਜ਼ ਦੇ ਨਿਰਸਵਾਰਥ ਅਲੰਬਰਦਾਰ ਸਨ।