ਝਬਾਲ (ਹਰਜਿੰਦਰ ਸਿੰਘ ਸੋਨੀ)-2013 ਵਿਚ ਤਰਨ ਤਾਰਨ ਵਿਚ ਹੋਏ ਉਸਮਾ ਕਾਂਡ ਦੇ ਮਾਮਲੇ ਵਿਚ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਨੇੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 8 ਵਿਅਕਤੀਆਂ, ਜਿਨ੍ਹਾਂ ਵਿਚ ਕੁਝ ਪੁਲਸ ਕਰਮਚਾਰੀ ਵੀ ਹਨ, ਨੂੰ ਐੱਸ.ਸੀ/ਐੱਸ.ਟੀ. ਐਕਟ ਤਹਿਤ 4 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਧਾਰਾ 354 ਤਹਿਤ 3 ਸਾਲ, ਧਾਰਾ 506 ਤਹਿਤ 1 ਸਾਲ ਅਤੇ ਧਾਰਾ 323 ਤਹਿਤ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਣਾਏ ਜਾਣ ਤੋਂ ਇਲਾਵਾ ਵਿਧਾਇਕ ਲਾਲਪੁਰਾ ਸਮੇਤ ਸਾਰੇ ਵਿਅਕਤੀਆਂ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ। ਇਹ ਮਾਮਲਾ ਦਲਿਤ ਲੜਕੀ ਹਰਬਿੰਦਰ ਕੌਰ ਨਾਲ ਸਾਲ 2013 ਵਿਚ ਕੁੱਟਮਾਰ ਕਰਨ, ਛੇੜਛਾੜ ਕਰਨ, ਜਾਤੀ ਸੂਚਕ ਸ਼ਬਦ ਵਰਤਣ ਤਹਿਤ ਮਾਮਲਾ ਥਾਣਾ ਸਿਟੀ ਤਰਨ ਤਾਰਨ ਵਿਖੇ ਦਰਜ ਕੀਤਾ ਗਿਆ ਸੀ। ਸਜ਼ਾ ਤੋਂ ਬਾਅਦ ਲਾਲਪੁਰਾ ਦੀ ਵਿਧਾਨ ਸਭਾ ਮੈਂਬਰੀ ਖਤਰੇ ’ਚ ਪੈ ਗਈ ਹੈ।




