ਬੀਜਿੰਗ : ਪੂਰਬੀ ਚੀਨ ਦੇ ਇੱਕ ਵਿਅਕਤੀ ਦੀ ਸੋਸ਼ਲ ਮੀਡੀਆ ਵਿੱਚ ਸਭ ਤੋਂ ਵੱਧ ਸਮਰਪਤ ਪਤੀ ਵਜੋਂ ਚਰਚਾ ਹੋ ਰਹੀ ਹੈ। 39 ਸਾਲਾ ਲੀ ਜਕਸਿਨ ਤੇ ਉਸ ਦੀ ਪਤਨੀ ਜ਼ਾਂਗ ਜ਼ੀਇੰਗ ਦੀ ਕਹਾਣੀ ਦਿਲ ਟੁੰਭਵੀਂ ਹੈ। ਸ਼ਾਨਡੋਂਗ ਸੂਬੇ ਦੇ ਕਿੰਗਦਾਓ ਵਿਖੇ ਕਾਰ ਵਰਕਸ਼ਾਪ ਚਲਾਉਦੇ ਲੀ ਦਾ ਵਿਆਹ 2008 ਵਿੱਚ ਹੋਇਆ ਸੀ। ਉਨ੍ਹਾ ਦੇ ਇੱਕ ਧੀ ਹੋਈ ਤੇ 2013 ਤੱਕ ਸਭ ਠੀਕ-ਠਾਕ ਚੱਲ ਰਿਹਾ ਸੀ। ਜਦੋਂ ਪਤਾ ਲੱਗਾ ਕਿ ਪਤਨੀ ਨੂੰ ਅੱਖ ਦੀ ਗੰਭੀਰ ਬਿਮਾਰੀ ਹੋ ਗਈ ਹੈ। ਇਲਾਜ ’ਤੇ 70 ਹਜ਼ਾਰ ਡਾਲਰ ਖਰਚਣ ਦੇ ਬਾਵਜੂਦ ਜੂਨ 2014 ਵਿੱਚ ਉਸ ਦੀ ਜੋਤ ਜਾਂਦੀ ਰਹੀ। ਇੱਕ ਇੰਟਰਵਿਊ ਦੌਰਾਨ ਜ਼ਾਂਗ ਨੇ ਕਿਹਾ, ‘ਮੈਂ ਕੁਝ ਨਹੀਂ ਦੇਖ ਸਕਦੀ। ਆਪਣੀ ਧੀ ਨੂੰ ਨਹੀਂ ਦੇਖ ਸਕਦੀ।’ ਲੀ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਸਵਰਗ ਤੋਂ ਨਰਕ ਵਰਗੀ ਹੋ ਗਈ, ਪਰ ਉਸ ਨੇ ਪਤਨੀ ਨੂੰ ਯਕੀਨ ਦਿਵਾਇਆ ਕਿ ਬਾਕੀ ਜ਼ਿੰਦਗੀ ਵਿੱਚ ਉਹ ਉਸ ਦੇ ਨਾਲ ਚੱਲੇਗਾ ਅਤੇ ਜਿੱਥੇ ਜਾਵੇਗਾ, ਉਸ ਨੂੰ ਨਾਲ ਲੈ ਕੇ ਜਾਵੇਗਾ। ਲੀ ਨੇ ਘਰ ਵਿੱਚ ਇਹ ਯਕੀਨੀ ਬਣਾਇਆ ਕਿ ਪਤਨੀ ਦੇ ਅੱਖਾਂ ਦੀ ਰੌਸ਼ਨੀ ਗੁਆਉਣ ਤੋਂ ਪਹਿਲਾਂ ਜਿਹੜੀ ਚੀਜ਼ ਜਿੱਥੇ ਸੀ, ਉੱਥੇ ਹੀ ਰਹੇ, ਤਾਂ ਜੋ ਉਹ ਯਾਦਾਂ ਦੇ ਸਹਾਰੇ ਚੱਲਦੀ ਰਹੇ। ਲੀ ਦੇ ਯਤਨਾਂ ਸਦਕਾ ਜ਼ਾਂਗ ਹੌਲੀ-ਹੌਲੀ ਅਜ਼ਾਦਾਨਾ ਤੌਰ ’ਤੇ ਵਿਚਰਨ ਲੱਗੀ ਤੇ ਖਾਣਾ ਤੱਕ ਬਣਾਉਣ ਲੱਗ ਪਈ। ਲੀ ਸਲਾਹੁੰਦਾ ਰਿਹਾ ਕਿ ਖਾਣਾ ਬਹੁਤ ਸੁਆਦੀ ਬਣਿਆ। ਜ਼ਾਂਗ ਨੇ ਕਿਹਾ ਕਿ ਉਸ ਨੇ ਵੀ ਸੰਕਲਪ ਲਿਆ ਕਿ ਪਰਵਾਰ ਖਾਤਰ ਉਸ ਨੇ ਜਿਊਣਾ ਹੈ ਤੇ ਤਕੜੇ ਹੋਣਾ ਪੈਣਾ।




