ਭੁਬਨੇਸ਼ਵਰ : ਓਡੀਸ਼ਾ ਵਿਜੀਲੈਂਸ ਨੇ ਸ਼ੁੱਕਰਵਾਰ ਸੰਭਲਪੁਰ ਜ਼ਿਲ੍ਹੇ ਦੇ ਬਾਮੜਾ ਦੇ ਤਹਿਸੀਲਦਾਰ ਅਸ਼ਵਿਨੀ ਕੁਮਾਰ ਪਾਂਡਾ ਤੇ ਉਸ ਦੇ ਡਰਾਈਵਰ ਨੂੰ ਕਥਿਤ ਤੌਰ ’ਤੇ 15 ਹਜ਼ਾਰ ਰਿਸ਼ਵਤ ਲੈਂਦਿਆਂ ਗਿ੍ਰਫਤਾਰ ਕਰ ਲਿਆ। ਵਿਜੀਲੈਂਸ ਨੇ ਦੱਸਿਆ ਕਿ ਪਾਂਡਾ ਨੇ ਸ਼ਿਕਾਇਤਕਰਤਾ ਤੋਂ ਖੇਤੀ ਜ਼ਮੀਨ ਨੂੰ ਰਿਹਾਇਸ਼ੀ ਵਿੱਚ ਬਦਲਣ ਲਈ 20 ਹਜ਼ਾਰ ਰੁਪਏ ਮੰਗੇ ਤੇ 15 ਹਜ਼ਾਰ ਰੁਪਏ ’ਤੇ ਰਾਜ਼ੀ ਹੋਇਆ ਸੀ। 29 ਸਾਲਾ ਪਾਂਡਾ ਬਿਨਾਂ ਕੋਚਿੰਗ ਦੇ ਸਟੇਟ ਸਿਵਲ ਪ੍ਰੀਖਿਆ ਵਿੱਚ ਅੱਵਲ ਰਿਹਾ ਸੀ ਤੇ ਉਸ ਦੀ ਗਿਣਤੀ ਹੋਣਹਾਰ ਅਧਿਕਾਰੀਆਂ ਵਿੱਚ ਹੁੰਦੀ ਸੀ।
ਰਮਨ ਅਰੋੜਾ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ
ਜਲੰਧਰ : ਜਬਰਨ ਵਸੂਲੀ ਦੇ ਮਾਮਲੇ ਵਿੱਚ ਗਿ੍ਰਫ਼ਤਾਰ ਵਿਧਾਇਕ ਰਮਨ ਅਰੋੜਾ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਧਾਇਕ ਰਮਨ ਅਰੋੜਾ ਜਬਰਨ ਵਸੂਲੀ ਮਾਮਲੇ ਵਿੱਚ ਪਿਛਲੇ 9 ਦਿਨਾਂ ਤੋਂ ਪੁਲਸ ਰਿਮਾਂਡ ‘ਤੇ ਹਨ। ਪਿਛਲੀ ਵਾਰ ਪੁਲਸ ਨੂੰ 3 ਦਿਨਾਂ ਦਾ ਰਿਮਾਂਡ ਮਿਲਿਆ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਸ ਵਿਧਾਇਕ ਨੂੰ ਪੇਸ਼ੀ ਲਈ ਅਦਾਲਤ ਵਿੱਚ ਲੈ ਕੇ ਆਈ ਸੀ।
ਰੈਸਟੋਰੈਂਟ ’ਚ ਪਾਣੀ ਦੀ ਬਜਾਏ ਤੇਜ਼ਾਬ ਦੀ ਬੋਤਲ ਦੇਣ ’ਤੇ 2 ਸਾਲ ਕੈਦ
ਹਲਦਵਾਨੀ : 2013 ਵਿੱਚ ਧੀਰਜ ਸਾਹਨੀ, ਜੋ ਆਪਣੇ ਪਰਵਾਰ ਨਾਲ ਦੁਰਗਾ ਸਿਟੀ ਸੈਂਟਰ ਦੇ ਮਾਚਨ ਰੈਸਟੋਰੈਂਟ ਵਿੱਚ ਖਾਣਾ ਖਾਣ ਗਈ ਸੀ, ਉਸ ਨੂੰ 12 ਸਾਲਾਂ ਬਾਅਦ ਇਨਸਾਫ ਮਿਲਿਆ ਹੈ। ਦਰਅਸਲ ਪੀੜਤ ਧੀਰਜ ਨੂੰ ਰੈਸਟੋਰੈਂਟ ਵਿੱਚ ਪਾਣੀ ਦੀ ਬੋਤਲ ਦੀ ਬਜਾਏ ਤੇਜ਼ਾਬ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਜੁਡੀਸ਼ੀਅਲ ਮੈਜਿਸਟਰੇਟ ਹਲਦਵਾਨੀ ਆਦਰਸ਼ ਤਿ੍ਰਪਾਠੀ ਦੀ ਅਦਾਲਤ ਨੇ ਰੈਸਟੋਰੈਂਟ ਸੰਚਾਲਕ ਅਖਿਲੇਸ਼ ਸੇਮਵਾਲ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਪੀੜਤ ਨੂੰ ਇੱਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।




