ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਤੇ ਢਾਹੁਣ ਦੇ ਆਦੇਸ਼

0
126

ਜ਼ੀਰਾ : ਇੱਥੋਂ ਦੇ ਪਿੰਡ ਮਨਸੂਰਵਾਲ ਕਲਾਂ ਦੀ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸਾਂਝਾ ਮੋਰਚਾ ਜ਼ੀਰਾ ਵੱਲੋਂ ਲਗਭਗ ਸਾਢੇ ਤਿੰਨ ਸਾਲ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਤੇ ਇਸ ਸੰਬੰਧੀ ਕੀਤੇ ਕੇਸ ਵਿੱਚ ਉਸ ਸਮੇਂ ਜਿੱਤ ਹਾਸਿਲ ਕਰ ਲਈ ਗਈ, ਜਦ ਐੱਨ ਜੀ ਟੀ ਦਿੱਲੀ ਦੀ ਅਦਾਲਤ ਵਿਚ ਜਸਟਿਸ ਪ੍ਰਕਾਸ਼ ਸ੍ਰੀਵਾਸਤਵਾ ਚੇਅਰਪਰਸਨ, ਜਸਟਿਸ ਅਰੁਨ ਕੁਮਾਰ ਤਿਆਗੀ ਜੁਡੀਸ਼ੀਅਲ ਮੈਂਬਰ ਅਤੇ ਡਾ: ਅਫਰੋਜ਼ ਅਹਿਮਦ ਦੇ ਬੈਂਚ ਨੇ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਨੂੰ ਪੱਕੇ ਤੌਰ ’ਤੇ ਬੰਦ ਕਰਨ ਅਤੇ ਢਾਹੁਣ ਦੇ ਆਦੇਸ਼ ਜਾਰੀ ਕੀਤੇ। ਇਸ ਸੰਬੰਧੀ ਸ਼ਨੀਵਾਰ ਸਾਂਝਾ ਮੋਰਚਾ ਜ਼ੀਰਾ ਵਿਚ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂ ਰੋਮਨ ਬਰਾੜ ਮਹੀਆਂਵਾਲਾ ਕਲਾਂ, ਸਾਬਕਾ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ, ਸਾਬਕਾ ਸਰਪੰਚ ਗੁਰਜੰਟ ਸਿੰਘ ਰਟੌਲ ਰੋਹੀ ਅਤੇ ਫਤਹਿ ਸਿੰਘ ਢਿੱਲੋਂ ਰਟੌਲ ਰੋਹੀ ਨੇ ਦੱਸਿਆ ਕਿ ਉਤਰਵਾਦੀ ਧਿਰ ਦੇ ਵਕੀਲਾਂ ਨੇ ਅਦਾਲਤ ’ਚ ਦੱਸਿਆ ਕਿ ਡਿਸਟਿਲਰੀ ਪਲਾਂਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਅਤੇ ਢਾਹ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਉਸੇ ਅਹਾਤੇ ਵਿਚ ਸਥਿਤ 180 ਕੇ ਐੱਲ ਡੀ ਦੇ ਇਕ ਹੋਰ ਪਲਾਂਟ ਵਿੱਚ ਈਥਾਨੋਲ ਉਤਪਾਦਨ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਗਈ ਹੈ। ਇਸ ਸੰਬੰਧੀ ਸਾਂਝਾ ਮੋਰਚਾ ਜ਼ੀਰਾ ਦੇ ਵਕੀਲ ਕੋਲਿਨ ਗੋਂਜ਼ਾਲਵੇਸ ਨੇ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ।
ਮੋਰਚੇ ਦੇ ਆਗੂਆਂ, ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਪੂਰੇ ਪੰਜਾਬ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਲੜਾਈ ਈਥਾਨੋਲ ਪਲਾਂਟ ਦੀ ਰਹਿ ਗਈ ਹੈ ਅਤੇ ਸਾਂਝਾ ਮੋਰਚਾ ਜ਼ੀਰਾ ਇਸ ਦੀ ਵੀ ਲੜਾਈ ਅਦਾਲਤ ਵਿੱਚ ਲੜਦਾ ਰਹੇਗਾ।