ਤਿਰਾਨਾ : ਚੌਥੀ ਵਾਰ ਚੋਣ ਜਿੱਤਣ ਦੇ ਕੁਝ ਮਹੀਨਿਆਂ ਬਾਅਦ ਪ੍ਰਧਾਨ ਮੰਤਰੀ ਏ ਡੀ ਰਾਮਾ ਨੇ ਆਪਣੇ ਮੰਤਰੀ ਮੰਡਲ ਵਿੱਚ ਏ ਆਈ ਮੰਤਰੀ ਨੂੰ ਸ਼ਾਮਲ ਕੀਤਾ ਹੈ। ਇਸ ਤਰ੍ਹਾਂ ਏ ਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਮੰਤਰੀ ਵਾਲਾ ਅਲਬਾਨੀਆ ਪਹਿਲਾ ਦੇਸ਼ ਬਣ ਗਿਆ ਹੈ। ਪਿਕਸਲ ਤੇ ਕੋਡ ਨਾਲ ਬਣੀ ਵਰਚੁਅਲ ਮੰਤਰੀ ਦੀ ਜ਼ਿੰਮੇਵਾਰੀ ਸਰਕਾਰੀ ਫੰਡਿੰਗ ਵਾਲੇ ਪ੍ਰੋਜੈਕਟਾਂ ਤੇ ਪਬਲਿਕ ਟੈਂਡਰਾਂ ਵਿੱਚ ਭਿ੍ਰਸ਼ਟਾਚਾਰ ਰੋਕਣ ਲਈ ਲਾਈ ਗਈ ਹੈ। ਆਪੋਜ਼ੀਸ਼ਨ ਡੈਮੋਕਰੇਟਿਕ ਪਾਰਟੀ ਨੇ ਇਸ ਨੂੰ ਪਬਲੀਸਿਟੀ ਸਟੰਟ ਤੇ ਸੰਵਿਧਾਨ ਦੇ ਖਿਲਾਫ ਕਰਾਰ ਦਿੱਤਾ ਹੈ। ਮੰਤਰੀ ਦਾ ਨਾਂਅ ਡਿਏਲਾ ਹੈ, ਜਿਸ ਦਾ ਮਤਲਬ ਹੁੰਦਾ ਹੈ ਧੁੱਪ ਜਾਂ ਸੂਰਜ। ਇਹ ਇਸ ਤੋਂ ਪਹਿਲਾਂ ਈ-ਅਲਬਾਨੀਆ ਪਲੇਟਫਾਰਮ ’ਤੇ 10 ਲੱਖ ਤੋਂ ਵੱਧ ਲੋਕਾਂ ਨੂੰ ਸਰਕਾਰੀ ਦਸਤਾਵੇਜ਼ ਬਣਾਉਣ ਵਿੱਚ ਮਦਦ ਕਰ ਚੁੱਕੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਡਿਏਲਾ ਸਰਕਾਰੀ ਭੇਦ ਲੀਕ ਨਹੀਂ ਕਰੇਗੀ, ਕੁਰੱਪਸ਼ਨ ਨਹੀਂ ਕਰੇਗੀ। ਉਸ ਨੂੰ ਸਿਰਫ ਬਿਜਲੀ ਦੀ ਲੋੜ ਹੋਵੇਗੀ। ਇਸ ਤੋਂ ਪਹਿਲਾਂ ਰਾਮਾ ਨੇ ਜੂਨ ਵਿੱਚ ਕਿਹਾ ਸੀ ਕਿ ਇੱਕ ਦਿਨ ਅਲਬਾਨੀਆ ਵਿੱਚ ਡਿਜੀਟਲ ਮੰਤਰੀ ਜਾਂ ਪ੍ਰਧਾਨ ਮੰਤਰੀ ਵੀ ਹੋ ਸਕਦਾ ਹੈ।



