ਰਿਚੀ ਕੇ ਪੀ ਹਾਦਸੇ ’ਚ ਵਪਾਰੀ ਦੀ ਭਾਲ

0
153

ਜਲੰਧਰ (ਇਕਬਾਲ ਸਿੰਘ ਉੱਭੀ)
ਬੀਤੀ ਰਾਤ ਜਲੰਧਰ ਦੇ ਮਾਤਾ ਰਾਣੀ ਚੌਕ ਵਿੱਚ ਵਾਪਰੇ ਭਿਆਨਕ ਹਾਦਸੇ, ਜਿਸ ਵਿੱਚ ਦੋ ਵਾਰ ਸੰਸਦ ਮੈਂਬਰ ਰਹੇ ਅਕਾਲੀ ਆਗੂ ਮਹਿੰਦਰ ਸਿੰਘ ਕੇ ਪੀ ਦੇ ਇਕਲੌਤੇ ਪੁੱਤਰ ਰਿਚੀ ਕੇ ਪੀ (36) ਦੀ ਮੌਤ ਹੋ ਗਈ ਸੀ, ਸੰਬੰਧੀ ਲੋੜੀਂਦਾ ਮੌਕੇ ਤੋਂ ਫਰਾਰ ਹੋਇਆ ਕਰੇਟਾ ਕਾਰ ਦਾ ਡਰਾਈਵਰ ਸਥਾਨਕ ਸ਼ੇਖਾਂ ਬਾਜ਼ਾਰ ਦਾ ਵਪਾਰੀ ਦੱਸਿਆ ਜਾਂਦਾ ਹੈ। ਡਰਾਈਵਰ ਆਪਣੇ ਪਰਵਾਰ ਸਮੇਤ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ, ਪਰੰਤੂ ਉਹ ਮੌਕੇ ਉਪਰੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ। ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਬੇਕਾਬੂ ਹੋਈ ਕਰੇਟਾ ਕਾਰ ਕਾਰਨ ਹੋਏ ਦਰਦਨਾਕ ਹਾਦਸੇ ਵਿੱਚ ਰਿਚੀ ਕੇ ਪੀ ਜ਼ਖ਼ਮੀ ਹੋ ਗਿਆ ਸੀ। ਇਹ ਘਟਨਾ ਦੇਰ ਰਾਤ ਵਾਪਰੀ, ਜਦੋਂ ਰਿਚੀ ਆਪਣੀ ਫਾਰਚੂਨਰ ਕਾਰ ਵਿੱਚ ਸੀ। ਚਸ਼ਮਦੀਦਾਂ ਅਨੁਸਾਰ ਇਹ ਘਟਨਾ ਰਾਤ 11 ਵਜੇ ਤੋਂ ਬਾਅਦ ਵਾਪਰੀ। ਮਾਤਾ ਰਾਣੀ ਚੌਕ ’ਤੇ ਇੱਕ ਤੇਜ਼ ਰਫ਼ਤਾਰ ਕਰੇਟਾ ਕਾਰ ਨੇ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਰਿਚੀ ਦੀ ਫਾਰਚੂਨਰ ਸੀ। ਰਿਪੋਰਟਾਂ ਅਨੁਸਾਰ ਗੱਡੀ ਨੂੰ ਟੱਕਰ ਮਾਰਨ ਤੋਂ ਬਾਅਦ ਕਰੇਟਾ ਡਰਾਈਵਰ ਮੌਕੇ ਤੋਂ ਭੱਜ ਗਿਆ। ਗੰਭੀਰ ਜ਼ਖਮੀ ਰਿਚੀ ਨੂੰ ਰਾਤ ਨੂੰ ਦੋ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਟੱਕਰ ਏਨੀ ਜ਼ੋਰਦਾਰ ਸੀ ਕਿ ਕਾਰਾਂ ਨੇੜਲੇ ਸਟੋਰ ਦੀ ਰੇਲਿੰਗ ਨਾਲ ਟਕਰਾ ਗਈਆਂ, ਜਿਸ ਨਾਲ ਰੇਲਿੰਗ ਅਤੇ ਪੌੜੀਆਂ ਨੂੰ ਨੁਕਸਾਨ ਪਹੁੰਚਿਆ। ਰਿਚੀ ਕੇ ਪੀ ਦੇ ਪਿੱਛੇ ਉਸ ਦੇ ਮਾਤਾ-ਪਿਤਾ ਅਤੇ ਦੋ ਭੈਣਾਂ ਹਨ।