ਨਵੀਂ ਦਿੱਲੀ : ਉਲੰਪਿਕ ਤਮਗਾ ਜੇਤੂ ਅਮਨ ਸਹਿਰਾਵਤ ਨੂੰ ਭਾਰ ਜ਼ਿਆਦਾ ਹੋਣ ਕਰਕੇ ਐਤਵਾਰ ਜ਼ਾਗਰੇਬ (ਕੋ੍ਰਏਸ਼ੀਆ) ਵਿੱਚ ਵਿਸ਼ਵ ਚੈਂਪੀਅਨਸ਼ਿਪ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਭਾਰਤੀ ਕੁਸ਼ਤੀ ਦਲ ਲਈ ਇਹ ਵੱਡਾ ਝਟਕਾ ਹੈ।
ਪਿਛਲੇ ਸਾਲ ਪੈਰਿਸ ਉਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਅਮਨ ਦਾ ਪੁਰਸ਼ਾਂ ਦੇ ਫ੍ਰੀਸਟਾਈਲ (57 ਕਿੱਲੋ) ਮੁਕਾਬਲੇ ਤੋਂ ਪਹਿਲਾਂ ਭਾਰ ਕੀਤਾ ਗਿਆ, ਜੋ ਲੋੜੀਂਦੇ ਭਾਰ ਨਾਲੋਂ 1.7 ਕਿੱਲੋ ਵੱਧ ਨਿਕਲਿਆ। ਅਮਨ 25 ਅਗਸਤ ਨੂੰ ਹੋਰ ਭਾਰਤੀ ਭਲਵਾਨਾਂ ਨਾਲ ਇੱਕ ਕੈਂਪ ਲਈ ਕ੍ਰੋਏਸ਼ੀਆ ਦੇ ਜ਼ਾਗਰੇਬ ਪਹੁੰਚਿਆ ਸੀ ਅਤੇ ਉਸ ਕੋਲ ਭਾਰ ਬਰਕਰਾਰ ਰੱਖਣ ਲਈ ਕਾਫੀ ਸਮਾਂ ਸੀ।
ਅਮਨ (22), ਜੋ ਮਸ਼ਹੂਰ ਛੱਤਰਸਾਲ ਸਟੇਡੀਅਮ ਵਿੱਚ ਸਿਖਲਾਈ ਲੈਂਦਾ ਹੈ, ਭਾਰਤੀ ਕੁਸ਼ਤੀ ਦਲ ਵਿਚ ਤਮਗੇ ਦੇ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਸੀ। ਇਸੇ ਤਰ੍ਹਾਂ ਮੁਕਾਬਲੇ ਤੋਂ ਪਹਿਲਾਂ ਭਾਰ ਵਧਣ ਕਰਕੇ ਵਿਨੇਸ਼ ਫੋਗਾਟ ਪੈਰਿਸ ਵਿੱਚ ਸੋਨ ਤਮਗੇ ਤੋਂ ਵਾਂਝੀ ਰਹਿ ਗਈ ਸੀ।



