ਆਸਟਰੇਲੀਆ ’ਚ ਗੁਰਦੁਆਰੇ ਨੇ ਖ਼ਾਲਸਾ ਏਡ ਕੋਲੋਂ 40 ਹਜ਼ਾਰ ਡਾਲਰ ਵਾਪਸ ਮੰਗੇ

0
105

ਸਿਡਨੀ : ਸਥਾਨਕ ਗੁਰਦੁਆਰੇ ਨੇ ਖਾਲਸਾ ਏਡ ਕੋਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਵਜੋਂ ਦਿੱਤੀ 40 ਹਜ਼ਾਰ ਡਾਲਰ ਦੀ ਰਾਸ਼ੀ ਵਾਪਸ ਮੰਗੀ ਹੈ। ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਨਾਂਅ ਹੇਠ ਦਾਨ ਉਗਰਾਉਣ ਨੂੰ ਗੈਰਕਾਨੂੰਨੀ ਮੰਨਿਆ ਜਾ ਰਿਹਾ ਹੈ। ਇੰਡੀਅਨ ਹੈਰੀਟੇਜ ਦੇ ਆਗੂ ਬਲਜਿੰਦਰ ਸਿੰਘ ਨੇ ਕਿਹਾ ਕਿ ਖਾਲਸਾ ਏਡ ਕੋਲ ਭਾਰਤ ਵਿੱਚ ਰਕਮ ਭੇਜਣ ਲਈ ਲੋੜੀਂਦਾ ਕਾਨੂੰਨੀ ਭਾਰਤੀ ਐੱਫ ਸੀ ਆਰ ਏ ਅਕਾਊਂਟ ਨਹੀਂ ਹੈ।
ਉਨ੍ਹਾ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਜੇਕਰ ਸੰਸਥਾ ਵਿਦੇਸ਼ਾਂ ਤੋਂ ਇਕੱਤਰ ਕੀਤਾ ਦਾਨ ਪੰਜਾਬ ਜਾਂ ਭਾਰਤ ਨਹੀਂ ਭੇਜ ਸਕਦੀ ਤਾਂ ਫਿਰ ਇਹ ਫੰਡ ਇਕੱਠਾ ਕਿਉਂ ਕੀਤਾ ਜਾ ਰਿਹਾ ਹੈ। ਸਿਡਨੀ ਦੇ ਗੁਰਦੁਆਰੇ ਨੇ ਸੰਸਥਾ ਖ਼ਾਲਸਾ ਏਡ ਨੂੰ ਸਾਲ 2019 ਦੇ ਸਮੇਂ ਪੰਜਾਬ ’ਚ ਆਏ ਹੜ੍ਹਾਂ ਤੋਂ ਪੀੜਤਾਂ ਲੋਕਾਂ ਦੀ ਮਦਦ ਲਈ 40 ਹਜ਼ਾਰ ਡਾਲਰ ਦਿੱਤੇ ਸਨ। ਗੁਰਦੁਆਰੇ ਨੇ ਇਕ ਪੱਤਰ ਲਿਖ ਕੇ ਰਾਸ਼ੀ ਵਾਪਸ ਮੰਗੀ ਹੈ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਸੇਵਾਦਾਰ ਅਲਬੇਲ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਦੇ ਨਾਂਅ ਹੇਠ ਵੱਡੇ ਪੱਧਰ ਉੱਤੇ ਆਨਲਾਈਨ ਸੰਸਥਾਵਾਂ ਤੇ ਨਿੱਜੀ ਵਿਅਕਤੀਆਂ ਵੱਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਲੋਕ ਆਪ-ਮੁਹਾਰੇ ਬਿਨਾਂ ਘੋਖ ਕੀਤੇ ਅਜਿਹੀਆਂ ਸੰਸਥਾਵਾਂ ਨੂੰ ਦਾਨ ਦੇ ਰਹੇ ਹਨ, ਪਰ ਇਹ ਰਾਸ਼ੀ ਅੱਗੇ ਪੀੜਤਾਂ ਤੱਕ ਨਹੀਂ ਪੁੱਜ ਰਹੀ।