ਕੈਨੇਡਾ ’ਚ ਹੜ੍ਹ ਰਾਹਤ ਫੰਡ ਦੀ ਉਗਰਾਹੀ ’ਤੇ ਸਵਾਲ ਉੱਠਣ ਲੱਗੇ

0
135

ਵੈਨਕੂਵਰ : ਪੰਜਾਬ ਵਿੱਚ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦੇ ਨਾਂਅ ਹੇਠ ਕੈਨੇਡਾ ਵਿਚ ਕਈ ਐੱਨ ਜੀ ਓਜ਼ ਵੱਲੋਂ ਵੱਖ-ਵੱਖ ਢੰਗ ਨਾਲ ਕੀਤੀ ਜਾ ਰਹੀ ਉਗਰਾਹੀ ’ਤੇ ਸਵਾਲ ਉੱਠਣ ਲੱਗੇ ਹਨ, ਕਿਉਂਕਿ ਉਗਰਾਹੀ ਕਰਨ ਵਾਲੇ ਬਹੁਤੇ ਸੰਗਠਨ ਕੈਨੇਡਾ ’ਚੋਂ ਪੈਸੇ ਉਗਰਾਹ ਕੇ ਭਾਰਤ ਭੇਜਣ ਲਈ ਰਜਿਸਟਰਡ ਹੀ ਨਹੀਂ ਹਨ।
ਸਿਰਫ਼ ਸ਼੍ਰੋਮਣੀ ਕਮੇਟੀ ਇਸ ਬਾਰੇ ਰਜਿਸਟਰਡ ਹੈ ਤੇ ਉਸ ਉੱਤੇ ਇੰਜ ਦੀ ਕੋਈ ਪਾਬੰਦੀ ਨਹੀਂ। ਬਰੈਂਪਟਨ ਦੇ ਸਮਾਜ ਸੇਵੀ ਨਰਿੰਦਰ ਸਿੰਘ ਨੇ ਦੱਸਿਆ ਕਿ ਖਾਲਸਾ ਏਡ, ਕੈਨੇਡਾ ਦੇ ਪੰਜਾਬੀ ਰੇਡੀਓ ਸਟੇਸ਼ਨਾਂ ਸਮੇਤ ਹੋਰਨਾਂ ਵੱਲੋਂ ਉਗਰਾਹੀ ਕੀਤੀ ਜਾ ਰਹੀ ਹੈ, ਪਰ ਇਨ੍ਹਾਂ ਵਿਚੋਂ ਬਹੁਤੇ ਰਜਿਸਟਰੇਸ਼ਨ ਨਾ ਹੋਣ ਕਰਕੇ ਭਾਰਤ ਪੈਸੇ ਨਹੀਂ ਭੇਜ ਸਕਦੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ 2010 ਵਿੱਚ ਵਿਦੇਸ਼ੀ ਯੋਗਦਾਨ ਕਾਨੂੰਨ ਪਾਸ ਕੀਤਾ ਗਿਆ ਸੀ, ਜੋ ਭਾਰਤੀ ਵਿਅਕਤੀਆਂ, ਸੰਗਠਨਾਂ ਤੇ ਕੰਪਨੀਆਂ ਨੂੰ ਵਿਦੇਸ਼ੀ ਫੰਡ ਲੈਣ ਅਤੇ ਵਰਤੋਂ ਕਰਨ ਦੇ ਉਦੇਸ਼ਾਂ ਪ੍ਰਤੀ ਪਾਬੰਦ ਕਰਦਾ ਹੈ। ਕਾਨੂੰਨ ਵਿੱਚ ਵਿਦੇਸ਼ੀ ਪੈਸੇ ਦੀ ਵਰਤੋਂ ਦੀ ਪਾਰਦਰਸ਼ਤਾ ਯਕੀਨੀ ਬਣਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਦਾਨੀ ਸੱਜਣਾਂ ਨੂੰ ਉਗਰਾਹੀ ਦੇਣ ਤੋਂ ਪਹਿਲਾਂ ਇਹ ਯਕੀਨੀ ਕਰ ਲੈਣਾ ਚਾਹੀਦਾ ਹੈ ਕਿ ਸੰਬੰਧਤ ਸੰਸਥਾ ਭਾਰਤ ਦੇ ਐੱਫ ਸੀ ਆਰ ਏ ਤਹਿਤ ਰਜਿਸਟਰ ਵੀ ਹੈ ਜਾਂ ਨਹੀਂ। ਇਸ ਸੰਬੰਧੀ ਖਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਦੇ ਪੀ ਏ ਤੋਂ ਈਮੇਲ ਰਾਹੀਂ ਸੰਗਠਨ ਦਾ ਪੱਖ ਜਾਨਣ ਦਾ ਯਤਨ ਕੀਤਾ ਗਿਆ, ਪਰ ਖਬਰ ਲਿਖੇ ਜਾਣ ਤੱਕ ਕੋਈ ਉੱਤਰ ਨਹੀਂ ਆਇਆ। 2023 ਵਿੱਚ ਆਏ ਹੜ੍ਹਾਂ ਮੌਕੇ ਇੱਕ ਇੰਟਰਵਿਊ ’ਚ ਰਵੀ ਸਿੰਘ ਨੇ ਮੰਨਿਆ ਸੀ ਕਿ ਰਜਿਸਟਰੇਸ਼ਨ ਨਾ ਹੋਣ ਕਰਕੇ ਉਹ ਵਿਦੇਸ਼ਾਂ ’ਚੋਂ ਇਕੱਤਰ ਹੋਇਆ ਪੈਸਾ ਭਾਰਤ ਨਹੀਂ ਭੇਜ ਸਕੇ। ਭਾਰਤ ਸਰਕਾਰ ਦੀ ਸੂਚੀ ਵਿੱਚ ਵੀ ਖਾਲਸਾ ਏਡ ਦਾ ਨਾਂਅ ਸ਼ਾਮਲ ਹੋਣ ਦੇ ਸੰਕੇਤ ਨਹੀਂ ਮਿਲਦੇ।