ਐੱਸ ਐੱਚ ਓ ਤੋਂ ਪ੍ਰੇਸ਼ਾਨ ਏ ਐੱਸ ਆਈ ਵੱਲੋਂ ਖੁਦਕੁਸ਼ੀ

0
356

ਹੁਸ਼ਿਆਰਪੁਰ/ਟਾਂਡਾ (ਬਲਬੀਰ ਸੈਣੀ/
ਜਸਵਿੰਦਰ ਸੰਧੂ, ਉਂਕਾਰ ਸਿੰਘ)
ਪੰਜਾਬ ਪੁਲਸ ਦੇ ਇਕ ਏ ਐੱਸ ਆਈ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਕਥਿਤ ਤੌਰ ‘ਤੇ ਥਾਣੇ ‘ਚ ਹੀ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ | ਹੁਸ਼ਿਆਰਪੁਰ ਦੇ ਪੁਲਸ ਥਾਣਾ ਹਰਿਆਣਾ ‘ਚ ਬਤੌਰ ਤਫ਼ਤੀਸ਼ੀ ਅਫ਼ਸਰ ਤਾਇਨਾਤ ਏ ਐੱਸ ਆਈ ਸਤੀਸ਼ ਕੁਮਾਰ ਨੇ ਇਹ ਕਦਮ ਚੁੱਕਿਆ | ਇਸ ਤੋਂ ਪਹਿਲਾਂ ਸਤੀਸ਼ ਕੁਮਾਰ ਨੇ ਨਾ ਕੇਵਲ ਇਕ ‘ਸੁਸਾਈਡ ਨੋਟ’ ਲਿਿਖ਼ਆ, ਸਗੋਂ ਇਕ ਵੀਡੀਓ ਬਣਾ ਕੇ ਵੀ ਆਪਣੀ ਸਾਰੀ ਗੱਲ ਰੱਖੀ ਅਤੇ ਇਸ ਵੀਡੀਓ ਨੂੰ ਵਟਸਐੱਪ ‘ਤੇ ਸ਼ੇਅਰ ਕੀਤਾ | ਸਤੀਸ਼ ਕੁਮਾਰ ਨੇ ਥਾਣਾ ਟਾਂਡਾ ਦੇ ਐੱਸ ਐੱਚ ਓ ਉਂਕਾਰ ਸਿੰਘ ਬਰਾੜ ਖਿਲਾਫ਼ ਗੰਭੀਰ ਦੋਸ਼ ਲਗਾਏ ਹਨ | ਸਤੀਸ਼ ਕੁਮਾਰ ਨੇ ਵੀਡੀਓ ਵਿੱਚ ਕਿਹਾ ਹੈ ਕਿ ਬੀਤੀ 8 ਸਤੰਬਰ ਨੂੰ ਐੱਸ ਐੱਚ ਓ ਟਾਂਡਾ ਉਹਨਾ ਦੇ ਥਾਣੇ ‘ਚ ਰਾਤ ਨੂੰ ਚੈਕਿੰਗ ਲਈ ਆਏ ਅਤੇ ਉਹ ਵਰਦੀ ਪਾਉਣ ਕਰਕੇ 10 ਮਿੰਟ ਲੇਟ ਹੋ ਗਿਆ | ਉਸ ਨੇ ਦੋਸ਼ ਲਗਾਏ ਕਿ ਜਾਂਚ ਦੌਰਾਨ ਉਸ ਨੂੰ ਬੇਲੋੜੇ ਸਵਾਲ ਪੁੱਛੇ ਗਏ ਅਤੇ ਫ਼ਿਰ ਉਸ ਨੂੰ ਕਿਹਾ ਗਿਆ ਕਿ ਉਸ ਨੂੰ ਕੁਝ ਨਹੀਂ ਆਉਂਦਾ | ਇਸ ਤੋਂ ਇਲਾਵਾ ਉਸ ਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢੀਆਂ ਗਈਆਂ, ਜਿਸ ‘ਤੇ ਮੈਂ ਉਨ੍ਹਾ ਨੂੰ ਕਿਹਾ ਕਿ ਮੈਨੂੰ ਇੰਜ ਜ਼ਲੀਲ ਨਾ ਕਰੋ, ਗੋਲੀ ਭਾਵੇਂ ਮਾਰ ਦਿਓ | ਸਤੀਸ਼ ਕੁਮਾਰ ਨੇ ਕਿਹਾ ਕਿ ਇਸ ਦੇ ਬਾਵਜੂਦ ਜਾਂਦੀ ਵਾਰ ਉਹ ਮੇਰੇ ਖਿਲਾਫ਼ ਰੋਜ਼ਨਾਮਚੇ ਵਿਚ ਰਪਟ ਲਿਖ਼ ਗਏ | ਇਸ ਗੱਲ ਬਾਰੇ ਸਤੀਸ਼ ਕੁਮਾਰ ਨੇ ਆਪਣੇ ਥਾਣੇ ਦੇ ਐੱਸ ਐੱਚ ਓ ਨੂੰ ਵੀ ਸਵੇਰੇ ਦੱਸਿਆ ਕਿ ਉਂਕਾਰ ਸਿੰਘ ਬਰਾੜ ਨੇ ਰਾਤ ਉਸ ਨਾਲ ਬਹੁਤ ਮਾੜਾ ਸਲੂਕ ਕੀਤਾ ਹੈ |
ਵੀਡੀਓ ਅਤੇ ਸੁਸਾਈਡ ਨੋਟ ਵਿੱਚ ਆਪਣੀ ਖੁਦਕੁਸ਼ੀ ਲਈ ਉਂਕਾਰ ਸਿੰਘ ਬਰਾੜ ਨੂੰ ਜ਼ਿੰਮੇਵਾਰ ਦੱਸਦਿਆਂ ਸਤੀਸ਼ ਕੁਮਾਰ ਨੇ ਕਿਹਾ ਕਿ ਉਸ ਦਾ ਹੇਠਲੇ ਮੁਲਾਜ਼ਮਾਂ ਨਾਲ ਵਿਹਾਰ ਮਾੜਾ ਹੈ | ਏ ਐਸ ਆਈ ਦੇ ਪਰਵਾਰਕ ਮੈਂਬਰ ਰੋਂਦੇ-ਕੁਰਲਾਉਂਦੇ ਹਸਪਤਾਲ ਪੁੱਜੇ ਅਤੇ ਉਨ੍ਹਾਂ ਐੱਸ ਐੱਚ ਓ ਉਂਕਾਰ ਸਿੰਘ ਬਰਾੜ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਰੱਖੀ ਹੈ | ਥਾਣਾ ਟਾਂਡਾ ਦੇ ਇੰਚਾਰਜ ਉਂਕਾਰ ਸਿੰਘ ਬਰਾੜ ਨੇ ਕਿਹਾ ਕਿ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਉਸ ਦੀ ਪਿਛਲੇ ਦਿਨੀਂ ਡਿਊਟੀ ਥਾਣਿਆਂ ਦੀ ਚੈਕਿੰਗ ਦੀ ਲਾਈ ਸੀ | ਉਹ ਪੁਲਸ ਥਾਣਾ ਹਰਿਆਣਾ ‘ਚ ਵੀ ਚੈਕਿੰਗ ਲਈ ਗਏ ਸਨ | ਜਦ ਉਹ ਪੁਲਸ ਥਾਣਾ ਹਰਿਆਣਾ ਦਾ ਰਿਕਾਰਡ ਅਤੇ ਹੋਰ ਦਸਤਾਵੇਜ਼ ਚੈੱਕ ਕਰ ਰਹੇ ਸਨ ਤਾਂ ਉਸ ‘ਚ ਬਹੁਤ ਸਾਰੀਆਂ ਖਾਮੀਆਂ ਪਾਈਆਂ ਸਨ | ਰੋਜ਼ਨਾਮਚਾ ‘ਚ ਕਈ ਖਾਮੀਆਂ ਸਨ | ਉਨ੍ਹਾ ਕਿਸੇ ਦੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ | ਉਨ੍ਹਾ ਥਾਣੇ ਦਾ ਰਿਕਾਰਡ ਜੋ ਸਹੀ ਨਹੀਂ ਸੀ, ਉਸ ਨੂੰ ਠੀਕ ਕਰਨ ਦੀਆਂ ਹਦਾਇਤਾਂ ਜ਼ਰੂਰ ਦਿੱਤੀਆਂ ਸਨ | ਉੱਚ ਅਧਿਕਾਰੀਆਂ ਨੂੰ ਵੀ ਚੈਕਿੰਗ ‘ਚ ਜੋ ਪਾਇਆ ਗਿਆ, ਉਸ ਦੀ ਰਿਪੋਰਟ ਭੇਜੀ ਗਈ ਹੈ |
ਸੁਸਾਇਡ ਨੋਟ ‘ਚ ਲਿਖਿਆ : ਖੁਦਕੁਸ਼ੀ ਨੋਟ ‘ਚ ਏ ਐੱਸ ਆਈ ਨੇ ਲਿਖਿਆ ਕਿ ਬੀਤੀ 8 ਸਤੰਬਰ ਨੂੰ ਉਹ ਥਾਣੇ ‘ਚ ਡਿਊਟੀ ‘ਤੇ ਸੀ | ਰਾਤ ਕਰੀਬ 2 ਵਜੇ ਇੰਸਪੈਕਟਰ ਉਂਕਾਰ ਸਿੰਘ ਚੈਕਿੰਗ ਲਈ ਆਏ | ਇਸ ਦੌਰਾਨ ਉਹ ਥਾਣੇ ਦੇ ਸਰਕਾਰੀ ਕੁਆਰਟਰ ‘ਚ ਸਨ | ਉਥੋਂ ਆਉਣ ਤੋਂ ਬਾਅਦ ਉਸ ਨੇ ਐੱਸ ਐੱਚ ਓ ਨਾਲ ਮੁਲਾਕਾਤ ਕੀਤੀ | ਫਿਰ ਇਸ ਗੱਲ ਨੂੰ ਲੈ ਕੇ ਉਂਕਾਰ ਸਿੰਘ ਨੇ ਮੈਨੂੰੰ ਬੇਇੱਜ਼ਤ ਕੀਤਾ | ਮੇਰੇ ਨਾਲ ਗਾਲੀ-ਗਲੋਚ ਵੀ ਕੀਤੀ | ਉਸ ਨੇ ਲਿਖਿਆ ਕਿ ਉਹ ਐੱਸ ਐੱਚ ਓ ਉਂਕਾਰ ਸਿੰਘ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਰਿਹਾ ਹੈ | ਨਾਲ ਹੀ ਇਹ ਵੀ ਲਿਖਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਪੁਲਸ ਅਧਿਕਾਰੀ ਨੂੰ ਐੱਸ ਐੱਚ ਉਂਕਾਰ ਸਿੰਘ ਨੇ ਜ਼ਲੀਲ ਕੀਤਾ ਸੀ | ਉਸ ਵਿਅਕਤੀ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਪਰ ਉਸ ਸਮੇਂ ਵੀ ਇਨਸਾਫ਼ ਨਹੀਂ ਕੀਤਾ ਗਿਆ ਸੀ | ਉਸ ਨੇ ਲਿਖਿਆ ਕਿ ਐੱਸ ਐੱਚ ਓ ਉਂਕਾਰ ਸਿੰਘ ਦਾ ਰਵੱਈਆ ਛੋਟੇ ਅਧਿਕਾਰੀਆਂ ਪ੍ਰਤੀ ਮਾੜਾ ਹੈ |

LEAVE A REPLY

Please enter your comment!
Please enter your name here