ਨਵੀਂ ਦਿੱਲੀ : ਸੀਨੀਅਰ ਅਕਾਲੀ ਆਗੂ ਤੇ ਪ੍ਰਧਾਨ ਤਖਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਵਤਾਰ ਸਿੰਘ ਹਿੱਤ ਦਾ ਸ਼ਨੀਵਾਰ ਸਵੇਰੇ ਕਰੀਬ 8 ਵਜੇ ਦੇਹਾਂਤ ਹੋ ਗਿਆ | ਉਨ੍ਹਾਂ ਦੀ ਸਿਹਤ ਬੀਤੇ ਦਿਨਾਂ ਤੋਂ ਢਿੱਲੀ ਚੱਲ ਰਹੀ ਸੀ | ਜਾਣਕਾਰੀ ਅਨੁਸਾਰ ਸ਼ਨੀਵਾਰ ਅਚਾਨਕ ਅਵਤਾਰ ਸਿੰਘ ਹਿੱਤ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾ ਦਮ ਤੋੜ ਦਿੱਤਾ | ਜਿਸ ਸਮੇਂ ਉਨ੍ਹਾ ਦਾ ਦੇਹਾਂਤ ਹੋਇਆ, ਉਹ ਉਸ ਸਮੇਂ ਫੋਨ ‘ਤੇ ਕਿਸੇ ਨਾਲ ਗੱਲ ਕਰ ਰਹੇ ਸਨ | ਬਾਦਲ ਪਰਵਾਰ ਦੇ ਉਹ ਕਰੀਬੀਆਂ ‘ਚੋਂ ਸਨ | ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦਿੱਲੀ ਨਗਰ ਨਿਗਮ ਦੇ ਕੌਂਸਲਰ ਵੀ ਰਹਿ ਚੁੱਕੇ ਸਨ | ਅਵਤਾਰ ਸਿੰਘ ਹਿੱਤ 80 ਵਰਿ੍ਹਆਂ ਦੇ ਸਨ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਵਤਾਰ ਸਿੰਘ ਹਿੱਤ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ | ਉਹਨਾ ਕਿਹਾ ਕਿ ਸੀਨੀਅਰ ਅਕਾਲੀ ਆਗੂ ਅਤੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਦੇ ਅਕਾਲ ਚਲਾਣੇ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ | ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਮੈਂ ਉਨ੍ਹਾ ਦੇ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ | ਹਿੱਤ ਸਾਹਿਬ ਨੂੰ ਪੰਥ ਅਤੇ ਪਾਰਟੀ ਲਈ ਉਨ੍ਹਾ ਦੇ ਯੋਗਦਾਨ ਲਈ ਯਾਦ ਕੀਤਾ ਜਾਵੇਗਾ | ਡਾ. ਦਲਜੀਤ ਚੀਮਾ ਨੇ ਕਿਹਾ, ‘ਬੜੇ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਤਖਤ ਸ੍ਰੀ ਪਟਨਾ ਸਾਹਿਬ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਸਦੀਵੀ ਵਿਛੋੜਾ ਦੇ ਗਏ ਹਨ | ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ ਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ |’
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਿੱਤ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਥੇਦਾਰ ਹਿੱਤ ਨੇ ਆਪਣੇ ਜੀਵਨ ਅੰਦਰ ਹਮੇਸ਼ਾ ਪੰਥਕ ਸੋਚ ਨੂੰ ਬੁਲੰਦ ਰੱਖਿਆ ਅਤੇ ਸਿੱਖੀ ਪ੍ਰਚਾਰ ਦੇ ਨਾਲ-ਨਾਲ ਕੌਮੀ ਮਸਲਿਆਂ ਲਈ ਵੀ ਪਹਿਲਕਦਮੀ ਕੀਤੀ | ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਥੇਦਾਰ ਹਿੱਤ ਦੀ ਘਾਟ ਪੰਥਕ ਸਫਾਂ ਅੰਦਰ ਹਮੇਸ਼ਾ ਰੜਕਦੀ ਰਹੇਗੀ | ਉਨ੍ਹਾ ਜਥੇਦਾਰ ਹਿੱਤ ਦੇ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ |





