ਅਗਲੇ ਸਾਲ ਮਾਰਚ-ਅਪ੍ਰੈਲ ਵਿੱਚ ਆਸਾਮ ਅਸੈਂਬਲੀ ਚੋਣਾਂ ਲਈ ਭਾਜਪਾ ਨੇ ਹੁਣ ਤੋਂ ਹੀ ਫਿਰਕੂ ਧਰੁਵੀਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। 10 ਸਾਲਾਂ ਤੋਂ ਹੁਕਮਰਾਨ ਭਾਜਪਾ ਨੇ ਇੱਕ ਏ ਆਈ ਜਨਰੇਟਿਡ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਜੇ ਭਾਜਪਾ ਸਰਕਾਰ ਨਾ ਰਹੀ ਤਾਂ ਆਸਾਮ ਵਿੱਚ ਮੁਸਲਮਾਨਾਂ ਦੀ ਆਬਾਦੀ 90 ਫੀਸਦੀ ਹੋ ਜਾਵੇਗੀ। ਪਿਛਲੇ ਪੰਜ ਸਾਲ ਤੋਂ ਸੂਬੇ ਵਿੱਚ ਹਿਮੰਤਾ ਬਿਸਵਾ ਸਰਮਾ ਮੁੱਖ ਮੰਤਰੀ ਹਨ। ਕਾਂਗਰਸੀ ਪਿਛੋਕੜ ਵਾਲੇ ਸਰਮਾ ਇਸ ਵੇਲੇ ਫਿਰਕੂ ਜ਼ਹਿਰ ਉਗਲਣ ਦੇ ਮਾਮਲੇ ’ਚ ਟਕਸਾਲੀ ਭਾਜਪਾਈ ਆਗੂਆਂ ਨਾਲੋਂ ਵੀ ਅੱਗੇ ਹਨ। 15 ਸਤੰਬਰ ਨੂੰ ਜਾਰੀ ਵੀਡੀਓ ਦਾ ਟਾਈਟਲ ਹੈ ‘ਆਸਾਮ ਵਿਦਾਊਟ ਬੀ ਜੇ ਪੀ’। ਇਸ ਵਿੱਚ ਦਿਖਾਇਆ ਗਿਆ ਹੈ ਕਿ ਜੇ ਭਾਜਪਾ ਸੱਤਾ ਵਿੱਚ ਨਾ ਰਹੀ ਤਾਂ ਮੁਸਲਮਾਨਾਂ ਦਾ ਬਹੁਮਤ ਹੋ ਜਾਵੇਗਾ, ਗੈਰਕਾਨੂੰਨੀ ਪ੍ਰਵਾਸੀ ਆਸਾਨੀ ਨਾਲ ਸਰਹੱਦ ਪਾਰ ਕਰਕੇ ਆ ਜਾਣਗੇ, ਹਿੰਦੂ ਆਪਣੀ ਜ਼ਮੀਨ ਗੁਆ ਲੈਣਗੇ, ਚਾਹ ਬਾਗਾਂ, ਹਵਾਈ ਅੱਡਿਆਂ ਅਤੇ ਸਟੇਡੀਅਮਾਂ ’ਚ ਬੁਰਕੇ ਵਾਲੀਆਂ ਤੇ ਟੋਪੀਆਂ ਵਾਲੇ ਦਿਖਾਈ ਦੇਣਗੇ ਅਤੇ ਗਊ ਮਾਸ ਦੀ ਵਿਕਰੀ ਕਾਨੂੰਨੀ ਬਣਾ ਦਿੱਤੀ ਜਾਵੇਗੀ। ਵੀਡੀਓ ਵਿੱਚ ਇਹ ਵੀ ਕਿਹਾ ਗਿਆ ਹੈ ‘ਅਸੀਂ ਪੈਜਾਨ ਦੇ ਇਸ ਸੁਫਨੇ ਨੂੰ ਸਾਕਾਰ ਨਹੀਂ ਹੋਣ ਦੇ ਸਕਦੇ’। ਪੈਜਾਨ ਮਤਲਬ ਪਾਕਿਸਤਾਨੀ ਗੁਰਗਾ। ਇਹ ਇਸ਼ਾਰਾ ਕਾਂਗਰਸ ਆਗੂ ਗੌਰਵ ਗੋਗੋਈ ਵੱਲ ਹੈ, ਜਿਨ੍ਹਾ ਦੀ ਪਤਨੀ ਅੰਗਰੇਜ਼ ਹੈ ਅਤੇ ਉਹ ਕੌਮਾਂਤਰੀ ਜਲਵਾਯੂ ਪ੍ਰੋਜੈਕਟ ’ਤੇ ਕੰਮ ਕਰਦਿਆਂ ਇੱਕ ਵਾਰ ਪਾਕਿਸਤਾਨ ਗਈ ਸੀ। ਸਰਮਾ ਗੋਗੋਈ ਜੋੜੇ ਨੂੰ ਆਈ ਐੱਸ ਆਈ ਦੇ ਏਜੰਟ ਤੱਕ ਕਹਿੰਦੇ ਹਨ।
ਅਸਲ ਵਿੱਚ ਇਹ ਵੀਡੀਓ ਡਬਲ ਇੰਜਣ ਸਰਕਾਰ ਦੀਆਂ 10 ਸਾਲਾਂ ਦੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੈ। ਗਰੀਬੀ ਦੇ ਮਾਮਲੇ ਵਿੱਚ ਆਸਾਮ ਦੇਸ਼ ਦਾ ਸੱਤਵਾਂ ਸਭ ਤੋਂ ਗਰੀਬ ਰਾਜ ਹੈ, ਜਿੱਥੇ 32.07 ਫੀਸਦੀ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਹੈ। ਪ੍ਰਤੀ ਵਿਅਕਤੀ ਆਮਦਨ ਸਾਲਾਨਾ 1,54,221 ਰੁਪਏ ਹੈ, ਜੋ ਕੌਮੀ ਔਸਤ 1,72,000 ਰੁਪਏ ਨਾਲੋਂ ਘੱਟ ਹੈ। ਆਸਾਮ ਇਸ ਮਾਮਲੇ ਵਿੱਚ ਦੇਸ਼ ’ਚ ਵੀਹਵੇਂ ਸਥਾਨ ’ਤੇ ਹੈ। ਸਾਖਰਤਾ ਦਰ 72.2 ਫੀਸਦੀ ਹੈ, ਜਦਕਿ ਕੌਮੀ ਦਰ 74 ਫੀਸਦੀ ਹੈ। ਨੀਤੀ ਆਯੋਗ ਆਸਾਮ ਨੂੰ ਸਿੱਖਿਆ ਵਿੱਚ ਡੀ ਗਰੇਡ ਵਿੱਚ ਰੱਖਦਾ ਹੈ। ਉਸ ਦਾ 36 ਵਿੱਚੋਂ 27ਵਾਂ ਰੈਂਕ ਹੈ। ਬੇਰੁਜ਼ਗਾਰੀ 10 ਫੀਸਦੀ ਹੈ, ਜਦਕਿ ਕੌਮੀ ਔਸਤ 4.9 ਫੀਸਦੀ ਹੈ। ਸੂਬੇ ਵਿੱਚ 21 ਲੱਖ ਤੋਂ ਵੱਧ ਸਿੱਖਿਅਤ ਬੇਰੁਜ਼ਗਾਰ ਹਨ। ਇਨ੍ਹਾਂ ਪ੍ਰਸਥਿਤੀਆਂ ਵਿੱਚ ਲੋਕ ਸਰਕਾਰ ਤੋਂ ਬਹੁਤ ਦੁਖੀ ਹਨ। ਬ੍ਰਹਮਪੁੱਤਰ ਨਦੀ ਵੱਲੋਂ ਹੜ੍ਹਾਂ ਨਾਲ ਮਚਾਈ ਜਾਂਦੀ ਤਬਾਹੀ ਨੂੰ ਰੋਕਣ ਵਿੱਚ ਸਰਕਾਰ ਦੀ ਨਾਕਾਮੀ ਕਾਰਨ ਕਿਸਾਨ ਹਰ ਸਾਲ ਵੱਡੀ ਮਾਰ ਝੱਲਦੇ ਹਨ। ਇਹ ਨਦੀ 40 ਲੱਖ ਲੋਕਾਂ ਨੂੰ ਪ੍ਰਭਾਵਤ ਕਰਦੀ ਹੈ। ਸੂਬੇ ਦੇ ਛੇ ਕਬਾਇਲੀ ਭਾਈਚਾਰੇ ਕਬਾਇਲੀ ਰੁਤਬੇ ਦੀ ਕਾਫੀ ਚਿਰ ਤੋਂ ਮੰਗ ਕਰ ਰਹੇ ਹਨ, ਪਰ ਸਰਕਾਰ ਨੇ ਵਾਅਦਾ ਕਰਕੇ ਵੀ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ। ਇਨ੍ਹਾਂ ਹਾਲਤਾਂ ਵਿੱਚ ਭਾਜਪਾ ਨੇ ਸੱਤਾ ’ਤੇ ਕਬਜ਼ਾ ਬਣਾਈ ਰੱਖਣ ਲਈ ਫਿਰਕੂ ਧਰੁਵੀਕਰਨ ਕਰਨ ਵਾਲਾ ਹਥਿਆਰ ਹੁਣ ਤੋਂ ਹੀ ਚਲਾਉਣਾ ਸ਼ੁਰੂ ਕਰ ਦਿੱਤਾ ਹੈ।



