ਟਰੰਪ ਦੇ ਵੀਜ਼ਾ ਬੰਬ ਨੇ ਪਾਇਆ ਭੜਥੂ

0
112

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਸ ਐਲਾਨ ’ਤੇ ਦਸਤਖਤ ਕਰ ਦਿੱਤੇ ਹਨ, ਜਿਸ ਨਾਲ ਐੱਚ 1-ਬੀ ਵੀਜ਼ੇ ਦੀ ਫੀਸ ਸਾਲਾਨਾ ਇੱਕ ਲੱਖ ਡਾਲਰ (ਕਰੀਬ 88 ਲੱਖ ਰੁਪਏ) ਹੋ ਜਾਵੇਗੀ। ਨਵੀਂ ਫੀਸ 21 ਸਤੰਬਰ ਤੋਂ ਲਾਗੂ ਹੋ ਜਾਵੇਗੀ। ਪਹਿਲਾਂ ਇਹ ਵੀਜ਼ਾ ਔਸਤਨ ਪੰਜ ਲੱਖ ਰੁਪਏ ’ਚ ਮਿਲ ਜਾਂਦਾ ਸੀ ਤੇ ਤਿੰਨ ਸਾਲ ਚਲਦਾ ਸੀ। ਉਸ ਤੋਂ ਬਾਅਦ ਇਸ ਨੂੰ ਹੋਰ ਤਿੰਨ ਸਾਲ ਲਈ ਨਵਿਆਇਆ ਜਾ ਸਕਦਾ ਸੀ। ਹੁਣ ਛੇ ਸਾਲ ਵਿੱਚ 5.28 ਕਰੋੜ ਰੁਪਏ ਲੱਗਣਗੇ। ਅਮਰੀਕਾ ਸਰਕਾਰ ਹਰ ਸਾਲ ਲਾਟਰੀ ਨਾਲ 85 ਹਜ਼ਾਰ ਐੱਚ-1-ਬੀ ਵੀਜ਼ੇ ਜਾਰੀ ਕਰਦੀ ਹੈ, ਜਿਨ੍ਹਾਂ ਦੀ ਵਰਤੋਂ ਤਕਨੀਕੀ ਨੌਕਰੀਆਂ ’ਚ ਹੁੰਦੀ ਹੈ। ਸਭ ਤੋਂ ਵੱਧ ਭਾਰਤੀ (72 ਫੀਸਦੀ) ਇਸ ਦੀ ਵਰਤੋਂ ਕਰਦੇ ਹਨ। ਹੁਣ ਵੀਜ਼ਾ ਫੀਸ ਵਧਣ ਨਾਲ ਤਿੰਨ ਲੱਖ ਤੋਂ ਵੱਧ ਭਾਰਤੀ ਪੇਸ਼ੇਵਰਾਂ ’ਤੇ ਸਿੱਧਾ ਅਸਰ ਪਵੇਗਾ। ਟਰੰਪ ਨੇ ਐੱਚ-1-ਬੀ ਵਿੱਚ ਤਬਦੀਲੀ ਦੇ ਇਲਾਵਾ ਤਿੰਨ ਨਵੀਂ ਤਰ੍ਹਾਂ ਦੇ ਵੀਜ਼ਾ ਕਾਰਡ ਵੀ ਲਾਂਚ ਕੀਤੇ ਹਨਟਰੰਪ ਗੋਲਡ ਕਾਰਡ, ਟਰੰਪ ਪਲੈਟੀਨਮ ਕਾਰਡ ਤੇ ਕਾਰਪੋਰੇਟ ਗੋਲਡ ਕਾਰਡ। ਟਰੰਪ ਗੋਲਡ ਕਾਰਡ 8.8 ਕਰੋੜ ਦਾ ਮਿਲੇਗਾ ਤੇ ਇਸ ਨਾਲ ਹਮੇਸ਼ਾ ਲਈ ਅਮਰੀਕੀ ਨਾਗਰਿਕਤਾ ਮਿਲ ਸਕੇਗੀ। ਪਲੈਟੀਨਮ ਕਾਰਡ ਸਾਢੇ 41 ਕਰੋੜ ਦਾ ਮਿਲੇਗਾ ਤੇ ਇਸ ਨਾਲ ਬਿਨਾਂ ਟੈਕਸ 270 ਦਿਨ ਅਮਰੀਕਾ ਵਿੱਚ ਰਹਿ ਸਕਦੇ ਹੋ ਤੇ ਟਰੈਵਲ ਵੀਜ਼ਾ ਦੀ ਲੋੜ ਨਹੀਂ ਹੋਵੇਗੀ। ਕਾਰਪੋਰੇਟ ਗੋਲਡ ਕਾਰਡ 17 ਕਰੋੜ 60 ਲੱਖ ਰੁਪਏ ਦਾ ਮਿਲੇਗਾ।
ਨਵੇਂ ਫੈਸਲੇ ਦੇ ਤੁਰੰਤ ਬਾਅਦ ਐਮਾਜ਼ੋਨ, ਮਾਈਕਰੋਸਾਫਟ ਤੇ ਜੇ ਪੀ ਮਾਰਗਨ ਵਰਗੀਆਂ ਕੰਪਨੀਆਂ ਨੇ ਆਪਣੇ ਵਿਦੇਸ਼ੀ ਇੰਜੀਨੀਅਰਾਂ ਨੂੰ ਕਿਹਾ ਕਿ ਉਹ ਭਾਰਤ ਪਰਤਣ ਦਾ ਪ੍ਰੋਗਰਾਮ ਰੱਦ ਕਰ ਦੇਣ। ਕੰਪਨੀਆਂ ਨੇ ਛੁੱਟੀਆਂ ਮਨਾਉਣ ਗਏ ਭਾਰਤ ਪਰਤੇ ਪੇਸ਼ੇਵਰਾਂ ਨੂੰ 24 ਘੰਟਿਆਂ ਵਿੱਚ ਮੁੜ ਆਉਣ ਲਈ ਵੀ ਕਿਹਾ। ਇਸੇ ਦੌਰਾਨ ਹਵਾਈ ਕੰਪਨੀਆਂ ਨੇ ਦਿੱਲੀ ਤੋਂ ਨਿਊ ਯਾਰਕ ਦਾ ਇੱਕ ਪਾਸੇ ਦਾ ਕਿਰਾਇਆ 37 ਹਜ਼ਾਰ ਤੋਂ ਵਧਾ ਕੇ 70-80 ਹਜ਼ਾਰ ਰੁਪਏ ਕਰ ਦਿੱਤਾ।
ਜਿਹੜੇ ਅਮਰੀਕਾ ਜਾਂਦਿਆਂ ਡੁਬਈ ਤੱਕ ਪੁੱਜੇ ਸਨ, ਉਹ ਉਥੇ ਹੀ ਉੱਤਰ ਗਏ, ਕਿਉਕਿ 21 ਸਤੰਬਰ ਤੱਕ ਨਾ ਪੁੱਜ ਸਕਣ ਕਾਰਨ ਉਨ੍ਹਾ ਨੂੰ ਫਿਰ ਜਾਣਾ ਮੁਸ਼ਕਲ ਹੋ ਜਾਣਾ ਸੀ। ਜਿਹੜੇ ਸਾਨ ਫਰਾਂਸਿਸਕੋ ਤੋਂ ਭਾਰਤ ਆ ਰਹੇ ਸਨ, ਉਹ ਉੱਥੇ ਹੀ ਉੱਤਰ ਗਏ। ਵ੍ਹਾਈਟ ਹਾਊਸ ਦੇ ਸਟਾਫ ਸਕੱਤਰ ਵਿਲ ਸ਼ਾਰਫ ਨੇ ਕਿਹਾ ਕਿ ਐੱਚ-1-ਬੀ ਗੈਰ-ਪ੍ਰਵਾਸੀ ਵੀਜ਼ਾ ਪ੍ਰੋਗਰਾਮ ਦੇਸ਼ ਦੀ ਮੌਜੂਦਾ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸਭ ਤੋਂ ਵੱਧ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਵੀਜ਼ਾ ਪ੍ਰਣਾਲੀਆਂ ਵਿੱਚੋਂ ਇੱਕ ਹੈ। ਇਹ ਉੱਚ ਹੁਨਰਮੰਦ ਕਾਮਿਆਂ, ਜੋ ਉਨ੍ਹਾਂ ਖੇਤਰਾਂ ਵਿੱਚ ਕੰਮ ਕਰਦੇ ਹਨ, ਜਿੱਥੇ ਅਮਰੀਕੀ ਕੰਮ ਨਹੀਂ ਕਰਦੇ, ਨੂੰ ਅਮਰੀਕਾ ਆਉਣ ਦੀ ਆਗਿਆ ਦੇਣ ਲਈ ਹੁੰਦਾ ਹੈ।