ਯੂਨੀਅਨ ਬੈਂਕ ਆਫ਼ ਇੰਡੀਆ ਨੇ ਹੜ੍ਹ ਪੀੜਤਾਂ ਲਈ ਦੋ ਕਰੋੜ ਦਾ ਦਿੱਤਾ ਯੋਗਦਾਨ
ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੱਦੇ ’ਤੇ ਸਕਾਰਾਤਮਕ ਹੁੰਗਾਰਾ ਭਰਦੇ ਹੋਏ ਯੂਨੀਅਨ ਬੈਂਕ ਆਫ਼ ਇੰਡੀਆ ਨੇ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼ੁਰੂ ਕੀਤੇ ਮਿਸ਼ਨ ਚੜ੍ਹਦੀ ਕਲਾ ਵਿੱਚ ਦੋ ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।ਇਸ ਨੇਕ ਕਾਰਜ ਲਈ ਬੈਂਕ ਪ੍ਰਬੰਧਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਕ ਹਜ਼ਾਰ ਤੋਂ ਵੱਧ ਸਮਾਜ ਸੇਵੀ ਪਹਿਲਾਂ ਹੀ ਚੜ੍ਹਦੀ ਕਲਾ ਮਿਸ਼ਨ ਦਾ ਸਮਰਥਨ ਕਰਨ ਲਈ ਅੱਗੇ ਆ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਯੂਨੀਅਨ ਬੈਂਕ ਆਫ਼ ਇੰਡੀਆ ਹੁਣ ਦੋ ਕਰੋੜ ਰੁਪਏ ਦਾ ਚੈੱਕ ਸੌਂਪ ਕੇ ਯੋਗਦਾਨ ਪਾਉਣ ਵਾਲਿਆਂ ਦੀ ਇਸ ਵਧਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿਸ ਨਾਲ ਹਾਲ ਹੀ ਵਿੱਚ ਹੜ੍ਹਾਂ ਨਾਲ ਤਬਾਹ ਹੋਏ ਸੂਬੇ ਦੇ ਮੁੜ ਨਿਰਮਾਣ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿਸ਼ਨ ਚੜ੍ਹਦੀ ਕਲਾ ਫੰਡ ਇਕੱਠਾ ਕਰਨ ਵਾਲੀ ਇੱਕ ਵਿਸ਼ਵਵਿਆਪੀ ਮੁਹਿੰਮ ਹੈ, ਜੋ 2025 ਦੇ ਪੰਜਾਬ ਹੜ੍ਹ ਪੀੜਤਾਂ ਲਈ ਸੂਬਾ ਸਰਕਾਰ ਦੀਆਂ ਮੁੜ-ਵਸੇਬਾ ਪਹਿਲਕਦਮੀਆਂ ਲਈ ਫੰਡ ਇਕੱਠਾ ਕਰਨ ਲਈ ਸ਼ੁਰੂ ਕੀਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਹਾਲ ਹੀ ਵਿੱਚ ਇੱਕ ਅਜਿਹੀ ਕੁਦਰਤੀ ਆਫ਼ਤ ਦੇਖੀ ਹੈ, ਜੋ ਪੀੜ੍ਹੀਆਂ ਤੱਕ ਲੋਕਾਂ ਦੇ ਚੇਤਿਆਂ ਵਿੱਚ ਉੱਕਰੀ ਰਹੇਗੀ। ਭਗਵੰਤ ਸਿੰਘ ਮਾਨ ਨੇ ਕਿਹਾ, ‘ਹੜ੍ਹਾਂ ਨੇ ਸਿਰਫ਼ ਪਾਣੀ ਹੀ ਨਹੀਂ ਲਿਆਂਦਾ, ਸਗੋਂ ਲੱਖਾਂ ਸੁਪਨਿਆਂ ਨੂੰ ਰੋੜ੍ਹ ਦਿੱਤਾ।’ ਉਨ੍ਹਾਂ ਇਸ ਨੂੰ ਪੰਜਾਬ ਦੇ ਹਾਲੀਆ ਇਤਿਹਾਸ ਵਿੱਚ ਸਭ ਤੋਂ ਭਿਆਨਕ ਦੁਖਾਂਤਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪੰਜਾਬ ਦਾ ਸਭ ਤੋਂ ਵੱਡਾ ਇਮਤਿਹਾਨ ਵੀ ਹੈ ਪਰ ਇਤਿਹਾਸ ਦਰਸਾਉਦਾ ਹੈ ਕਿ ਪੰਜਾਬ ਹਮੇਸ਼ਾ ਹਰ ਸੰਕਟ ਵਿੱਚੋਂ ਮਜ਼ਬੂਤੀ ਨਾਲ ਉਭਰਦਾ ਹੈ।





