ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕੇਸ ਦੇ ਭਗੌੜੇ ਮੁਲਜ਼ਮ ਦੀਪਕ ਮੁੰਡੀ ਨੂੰ ਪੁਲਸ ਨੇ ਗਿ੍ਫਤਾਰ ਕਰ ਲਿਆ ਹੈ | ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ | ਭਾਰਤ-ਨੇਪਾਲ ਸਰਹੱਦ ਤੋਂ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਅਤੇ ਪੰਜਾਬ ਪੁਲਸ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸਾਂਝੀ ਕਾਰਵਾਈ ਦੌਰਾਨ ਦੋ ਗਿ੍ਫਤਾਰੀਆਂ ਹੋਈਆਂ | ਦਿੱਲੀ ਪੁਲਸ ਦੇ ਸਪੈਸਲ ਸੈੱਲ ਅਤੇ ਪੰਜਾਬ ਪੁਲਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਕਪਿਲ ਪੰਡਤ ਅਤੇ ਦੀਪਕ ਉਰਫ ਮੁੰਡੀ ਨਾਂਅ ਦੇ ਦੋ ਮੁਲਜ਼ਮਾਂ ਨੂੰ ਨੇਪਾਲ ਦੇ ਸਰਹੱਦੀ ਖੇਤਰ ਤੋਂ ਗਿ੍ਫਤਾਰ ਕੀਤਾ ਹੈ | ਜ਼ਿਕਰਯੋਗ ਕਿ ਦੀਪਕ ਮੁੰਡੀ ਮੂਸੇਵਾਲਾ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਵਿਚ ਸ਼ਾਮਲ ਸੀ | ਪੁਲਸ ਨੇ ਮੁੰਡੀ ਤੋਂ ਬਿਨਾਂ ਸਾਰੇ ਮੁਲਜ਼ਮਾਂ ਨੂੰ ਪਹਿਲਾਂ ਹੀ ਗਿ੍ਫਤਾਰ ਕਰ ਲਿਆ ਸੀ | ਦੋ ਸ਼ੂਟਰ ਮੁਕਾਬਲੇ ‘ਚ ਮਾਰੇ ਵੀ ਗਏ ਹਨ | ਮੁੰਡੀ ਦੀ ਗਿ੍ਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ | ਸ਼ਨੀਵਾਰ ਪੁਲਸ ਨੂੰ ਵੱਡੀ ਸਫਲਤਾ ਮਿਲੀ | ਪੁਲਸ ਨੇ ਦੱਸਿਆ ਕਿ ਉਸ ਨੂੰ ਛੇਤੀ ਮਾਨਸਾ ਲਿਆਂਦਾ ਜਾਵੇਗਾ |





