ਚੰਡੀਗੜ੍ਹ (ਗੁਰਜੀਤ ਬਿੱਲਾ/ �ਿਸ਼ਨ ਗਰਗ)-ਹੜ੍ਹਾਂ ਪਿੱਛੋਂ ਖੇਤੀ ਅਰਥਚਾਰੇ ਨੂੰ ਬਚਾਉਣ ਲਈ ਪ੍ਰਭਾਵੀ ਤੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਮਹਿਜ਼ ਇੱਕ ਹਫ਼ਤੇ ਦੇ ਅੰਦਰ 1.75 ਲੱਖ ਤੋਂ ਵੱਧ ਪਸ਼ੂਆਂ ਨੂੰ ਗਲਘੋਟੂ ਬੀਮਾਰੀ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਸਫਲਤਾਪੂਰਵਕ ਸਿਰੇ ਚਾੜ੍ਹੀ ਹੈ।ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਦੇ 713 ਪਿੰਡਾਂ ਨੂੰ ਕਵਰ ਕਰਦੀ ਇਸ ਟੀਕਾਕਰਨ ਮੁਹਿੰਮ ਦੇ ਮੁਕੰਮਲ ਹੋਣ ਨਾਲ ਪਸ਼ੂਆਂ ਨੂੰ ਹੋਣ ਵਾਲੀਆਂ ਸੰਭਾਵੀ ਬਿਮਾਰੀਆਂ ਤੋਂ ਬਚਾਉਣ ਵਿੱਚ ਬਹੁਤ ਮਦਦ ਮਿਲੇਗੀ।
ਸਮੂਹਿਕ ਟੀਕਾਕਰਨ ਮੁਹਿੰਮ ਬਾਰੇ ਦੱਸਦਿਆਂ ਖੁੱਡੀਆਂ ਨੇ ਕਿਹਾ ਕਿ 14 ਸਤੰਬਰ ਨੂੰ ਵਿੱਢੀ ਇਹ ਮੁਹਿੰਮ ਹੜ੍ਹਾਂ ਪਿੱਛੋਂ ਸੂਬੇ ਦੀ ਮੁੜ-ਵਸੇਬਾ ਕਾਰਜ ਯੋਜਨਾ ਦਾ ਅਹਿਮ ਹਿੱਸਾ ਹੈ, ਜਿਸ ਤਹਿਤ ਹਜ਼ਾਰਾਂ ਪ੍ਰਭਾਵਤ ਕਿਸਾਨਾਂ ਦੇ ਪਸ਼ੂਆਂ ਨੂੰ ਸੰਭਾਵੀ ਸਿਹਤ ਸੰਕਟਾਂ ਤੋਂ ਬਚਾ ਕੇ ਉਨ੍ਹਾਂ ਦੇ ਪਸ਼ੂਧਨ ਅਤੇ ਰੋਜ਼ੀ-ਰੋਟੀ ਨਾਲ ਸੰਬੰਧਤ ਮੁੱਢਲੇ ਅਸਾਸਿਆਂ ਦੀ ਰੱਖਿਆ ਕੀਤੀ ਜਾ ਰਹੀ ਹੈ।




