ਬੀਜਿੰਗ : ਅਮਰੀਕਾ ਵੱਲੋਂ ਪੇਸ਼ੇਵਰਾਂ ਲਈ ਐੱਚ1-ਬੀ ਵੀਜ਼ਾ ਦੀ ਫੀਸ ਇੱਕ ਲੱਖ ਡਾਲਰ ਸਾਲਾਨਾ ਕਰਨ ਦੇ ਨਾਲ ਹੀ ਚੀਨ ਨੇ ਵਿਦੇਸ਼ੀ ਪ੍ਰਤਿਭਾ ਨੂੰ ਆਕਰਸ਼ਤ ਕਰਨ ਲਈ ਅਮਰੀਕੀ ਵੀਜ਼ੇ ਵਾਂਗ ਪਹਿਲੀ ਅਕਤੂਬਰ ਨੂੰ ‘ਕੇ’ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਬਹੁਤ ਸਾਰੇ ਹੁਨਰਮੰਦ ਪੇਸ਼ੇਵਰਾਂ ਲਈ ਇੱਕ ਨਵੇਂ ਵਿਕਲਪ ਵਜੋਂ ਚੀਨ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ। ਇਹ ਵੀਜ਼ਾ ਕਈ ਤਰੀਕਿਆਂ ਨਾਲ ਆਸਾਨ ਅਤੇ ਲਚਕਦਾਰ ਹੈ। ਸਭ ਤੋਂ ਵੱਡੀ ਰਾਹਤ ਇਹ ਹੈ ਕਿ ਵਿਦੇਸ਼ੀ ਬਿਨੈਕਾਰਾਂ ਨੂੰ ਹੁਣ ਸਥਾਨਕ ਸਪਾਂਸਰ ਜਾਂ ਚੀਨੀ ਕੰਪਨੀ ਦੀ ਲੋੜ ਨਹੀਂ ਹੋਵੇਗੀ। ਕੋਈ ਵੀ ਯੋਗ ਉਮੀਦਵਾਰ ਸਿੱਧਾ ਅਰਜ਼ੀ ਦੇ ਸਕਦਾ ਹੈ। ਇਸ ਵੀਜ਼ੇ ਨੂੰ ਮੌਜੂਦਾ 12 ਵੀਜ਼ਾ ਸ਼੍ਰੇਣੀਆਂ ਵਿੱਚ 13ਵੀਂ ਸ਼੍ਰੇਣੀ ਵਜੋਂ ਸ਼ਾਮਲ ਕੀਤਾ ਗਿਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਬਿਨੈਕਾਰਾਂ ਨੂੰ ਆਪਣੀ ਸਿੱਖਿਆ ਅਤੇ ਯੋਗਤਾਵਾਂ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ। ਇਹ ਵੀਜ਼ਾ ਖਾਸ ਤੌਰ ’ਤੇ ਨੌਜਵਾਨ ਵਿਗਿਆਨ ਅਤੇ ਤਕਨਾਲੋਜੀ ਗ੍ਰੈਜੂਏਟਾਂ ਲਈ ਤਿਆਰ ਕੀਤਾ ਗਿਆ ਹੈ। ਐੱਸ ਟੀ ਈ ਐੱਮ ਡਿਗਰੀਆਂ (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਵਾਲੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇਗੀ, ਬਸ਼ਰਤੇ ਉਨ੍ਹਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਖੋਜ ਸੰਸਥਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੋਵੇ।



