ਸੀ ਪੀ ਆਈ ਦੀ 25ਵੀਂ ਕਾਂਗਰਸ ਦੇ ਆਰੰਭ ’ਚ ਮੁਹਾਲੀ ’ਚ ਵਿਸ਼ਾਲ ਇਕੱਠ
ਚੰਡੀਗੜ੍ਹ (ਗਿਆਨ ਸੈਦਪੁਰੀ, ਰੈਕਟਰ ਕਥੂਰੀਆ)
ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਕਾਂਗਰਸ ਦੇ ਆਗਾਜ਼ ਵਜੋਂ ਐਤਵਾਰ ਮੁਹਾਲੀ ਵਿੱਚ ਹੋਈ ਵਿਸ਼ਾਲ ਰੈਲੀ, ਜਿੱਥੇ ਦੇਸ਼ ਵਿੱਚ ਭਾਜਪਾ ਨੂੰ ਹਟਾਉਣ ਦਾ ਸੱਦਾ ਦੇ ਗਈ, ਉੱਥੇ ਇਸ ਗੱਲ ਨੂੰ ਵੀ ਦਿ੍ਰੜ ਕਰਵਾ ਗਈ ਕਿ ਲਾਲ ਝੰਡੇ ਵਾਲਿਆਂ ਤੋਂ ਬਿਨਾਂ ਦੇਸ਼ ਦੀ ਜਨਤਾ ਦਾ ਪਾਰ-ਉਤਾਰਾ ਨਹੀਂ ਹੋ ਸਕਦਾ, ਇਸ ਕਰਕੇ ਸੀ ਪੀ ਆਈ ਦਾ ਤਾਕਤਵਰ ਹੋਣਾ ਤੇ ਖੱਬੀਆਂ ਧਿਰਾਂ ਦੀ ਏਕਤਾ ਦੀ ਮਜ਼ਬੂਤੀ ਵੱਡੀ ਲੋੜ ਹੈ। ਸਬਜ਼ੀ ਮੰਡੀ ਦੀ ਗਰਾਉਡ ਲਾਲੋ-ਲਾਲ ਹੋਈ ਵੇਖ ਕੇ ਕਮਿਊਨਿਸਟ ਆਗੂ ਗਦਗਦ ਹੋਏ ਨਜ਼ਰ ਆਏ। ਰੈਲੀ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ, ‘ਪੰਜਾਬ ਕ੍ਰਾਂਤੀਕਾਰੀਆਂ ਦੀ ਧਰਤੀ ਹੈ।ਇਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ਹੈ।ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਪੰਜਾਬ ਨੇ ਹੀ ਦਿੱਤਾ ਹੈ, ਜੋ ਅੱਜ ਪੂਰੇ ਭਾਰਤ ਵਿੱਚ ਬੁਲੰਦ ਹੈ।ਮੈਂ ਇਸ ਧਰਤੀ ਨੂੰ ਸਲਿਊਟ ਕਰਦਾ ਹਾਂ।’ ਉਹਨਾ ਕਿਹਾ ਕਿ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਵਿਸ਼ਵਾਸ ਦਵਾਇਆ ਸੀ ਕਿ ਤੁਹਾਡੇ ਕਿਆਸ ਨਾਲੋਂ ਦੁਗਣੇ ਲੋਕ ਹੋਣਗੇ।ਕਾਮਰੇਡਾਂ ਅੰਦਰ ਉਤਸ਼ਾਹ ਤੇ ਵੱਡੀ ਗਿਣਤੀ ਦੇਖ ਕੇ ਉਹ ਗੱਲ ਸਾਬਤ ਹੋ ਗਈ ਹੈ।
ਡੀ ਰਾਜਾ ਨੇ ਕਿਹਾ ਕਿ ਜਿਨ੍ਹਾਂ ਸਮਿਆਂ ਵਿੱਚ ਪਾਰਟੀ ਕਾਂਗਰਸ ਹੋ ਰਹੀ ਹੈ, ਉਸ ਵੇਲੇ ਪੂਰੇ ਦੇਸ਼ ਦੇ ਹਾਲਾਤ ਬੜੇ ਹੀ ਗੰਭੀਰ ਹਨ। ਭਾਜਪਾ ਅਤੇ ਆਰ ਐੱਸ ਐੱਸ ਫਾਸ਼ੀਵਾਦ ਵੱਲ ਵਧ ਰਹੇ ਹਨ।ਉਹ ਆਪਣੀਆਂ ਨੀਤੀਆਂ ਨੂੰ ਜ਼ੋਰ-ਜਬਰੀ ਲਾਗੂ ਕਰ ਰਹੇ ਹਨ।ਉਹਨਾ ਕਿਹਾ, ‘ਸਾਡਾ ਇਤਿਹਾਸ ਸੰਘਰਸ਼ਾਂ ਵਾਲਾ ਹੈ।ਹੁਣ ਵੀ ਅਸੀਂ ਬੱਝਵੇਂ ਸੰਘਰਸ਼ ਨਾਲ ਭਾਜਪਾ ਦੀਆਂ ਨੀਤੀਆਂ ਲਾਗੂ ਨਹੀਂ ਹੋਣ ਦਿਆਂਗੇ।ਅਸੀਂ ਧਰਮ ਨਿਰਪੱਖ ਰਾਜ ਦੇ ਹਾਮੀ ਹਾਂ।ਇਸ ਨੀਤੀ ਲਈ ਲੜਾਂਗੇ ਤੇ ਜਿੱਤਾਂਗੇ ਵੀ।’ ਡੀ. ਰਾਜਾ ਨੇ ਸੀ ਪੀ ਆਈ ਨੂੰ ਤਾਕਤਵਰ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਦਾ ਅਰਥ ਤਾਕਤਵਰ ਜਮਹੂਰੀਅਤ ਤੇ ਤਾਕਤਵਰ ਭਾਰਤ ਹੈ।ਕਮਿਊਨਿਸਟ ਆਗੂ ਨੇ ਕਮਿਊਨਿਸਟ ਧਿਰਾਂ ਦੀ ਏਕਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਏਕਤਾ ਨਾਲ ਬਣੀ ਤਾਕਤ ਨਾਲ ਹੀ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ।
ਉਹਨਾ ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਹੜ੍ਹਾਂ ਨਾਲ ਹੋਈ ਤਬਾਹੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਕੋਲੋਂ ਜ਼ੋਰਦਾਰ ਢੰਗ ਨਾਲ ਮੰਗ ਕਰਦੇ ਹਾਂ ਕਿ ਹੜ੍ਹ ਪ੍ਰਭਾਵਤਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਯੋਗ ਸਹਾਇਤਾ ਕਰੇ।
ਡੀ. ਰਾਜਾ ਨੇ ਵਿੱਚ ਹੜ੍ਹਾਂ ਕਾਰਨ ਵਾਪਰੀ ਤਬਾਹੀ ਉਤੇ ਪੀੜਤ ਪਰਵਾਰਾਂ ਦਾ ਦੁੱਖ ਵੰਡਾਇਆ ਅਤੇ ਸਾਥੀਆਂ ਨੂੰ ਸ਼ਾਬਾਸ਼ ਦਿੱਤੀ ਕਿ ਉਹ ਹੜ੍ਹਾਂ ਦੀ ਤਬਾਹੀ ਦਾ ਟਾਕਰਾ ਕਰਦੇ ਹੋਏ ਏਨੀ ਵੱਡੀ ਗਿਣਤੀ ਵਿੱਚ ਇਥੇ ਰੈਲੀ ਵਿੱਚ ਪਹੁੰਚੇ ਹਨ ਤੇ ਉਹ ਵੀ ਉਤਸ਼ਾਹ ਅਤੇ ਜੋਸ਼ ਨਾਲ ਭਰੇ ਹੋਏ।
ਸੀ ਪੀ ਆਈ ਦੇ ਸਕੱਤਰ ਅਮਰਜੀਤ ਕੌਰ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਰਾਹੀਂ ਲਾਲ ਝੰਡੇ ਦੀ ਬੁਲੰਦੀ ਦਾ ਹੋਕਾ ਦਿੱਤਾ। ਉਹਨਾ ਕਿਹਾ ਕਿ ਲਾਲ ਝੰਡੇ ਵਾਲਿਆਂ ਤੋਂ ਬਿਨਾਂ ਦੇਸ਼ ਦੇ ਲੋਕਾਂ ਦੀ ਹਾਲਤ ਨਹੀਂ ਸੁਧਰ ਸਕਦੀ। ਉਹਨਾਂ ਮਹਾਂ-ਸੰਮੇਲਨ ਵਿੱਚ ਹੋਣ ਵਾਲੀਆਂ ਵਿਚਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਆਪਕ ਤੇ ਖੱਬੀਆਂ ਧਿਰਾਂ ਦੀ ਏਕਤਾ ਬਾਰੇ ਗਹਿਰ-ਗੰਭੀਰ ਚਰਚਾ ਹੋਵੇਗੀ। ਉਹਨਾ ਦੇਸ਼ ਦੀ ਧਰਮ ਨਿਰਪੱਖ ਪਹੁੰਚ ਦੀ ਗੱਲ ਕਰਦਿਆਂ ਪੰਜਾਬ ਵਿੱਚ ਲੱਗੇ ਨਾਹਰੇ ‘ਨਾ ਹਿੰਦੂ ਰਾਜ ਨਾ ਖਾਲਿਸਤਾਨ, ਜੁਗ ਜੁਗ ਜੀਵੇ ਹਿੰਦੁਸਤਾਨ’ ਦਾ ਉਚੇਚ ਨਾਲ ਜ਼ਿਕਰ ਕੀਤਾ।ਅਮਰਜੀਤ ਕੌਰ, ਜੋ ਏਟਕ ਦੇ ਜਨਰਲ ਸਕੱਤਰ ਵੀ ਹਨ, ਨੇ ਕਿਹਾ ਕਿ ਭਾਜਪਾ ਸਰਕਾਰ ਮਜ਼ਦੂਰਾਂ ਦੇ ਹੱਕ ਖੋਹਣ ਅਤੇ ਸਾਰਾ ਕੁਝ ਕਾਰਪੋਰੇਟਾਂ ਦੇ ਹਵਾਲੇ ਕਰਨ ਉਤੇ ਲੱਗੀ ਹੋਈ ਹੈ, ਪਰ ਮਜ਼ਦੂਰ ਜਮਾਤ ਆਪਣੇ ਇਤਹਾਦੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਭਾਂਜ ਦੇਵੇਗੀ। ਪੰਜਾਬ ਸੀ ਪੀ ਆਈ ਦੇ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪੰਜਾਬ ਅਤੇ ਪੰਜਾਬੀ-ਵਿਰੋਧੀ ਨੀਤੀਆਂ ਅਤੇ ਕਾਰਵਾਈਆਂ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਫੈਡਰਲ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ ਉਤੇ ਛਾਪਾ ਮਾਰ ਰਹੀ ਹੈ।ਉਨ੍ਹਾਂ ਬੇਰੁਜ਼ਗਾਰੀ ਦੇ ਮਸਲੇ ਨੂੰ ਚੁੱਕਦਿਆਂ ਸ਼ਹੀਦ ਭਗਤ ਸਿੰਘ ਦੇ ਨਾਂਅ ਉਤੇ ਰੁਜ਼ਗਾਰ ਗਰੰਟੀ ਅਤੇ ਕੰਮ ਦੇ ਅਧਿਕਾਰ ਲਈ ‘ਬਨੇਗਾ’ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ।ਉਨ੍ਹਾਂ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਇਸਤਰੀਆਂ ਦੀਆਂ ਮੰਗਾਂ ਨੂੰ ਉਠਾਇਆ।ਹੜ੍ਹ ਪੀੜਤਾਂ ਨੂੰ ਵਧੇਰੇ ਮੁਆਵਜ਼ਾ ਦੇਣ ਅਤੇ ਮੁਹਾਲੀ ਤੇ ਹੋਰ ਸ਼ਹਿਰਾਂ ਦੀਆਂ ਬੇਸਮੈਂਟਾਂ ਵਿਚ ਵੜ ਕੇ ਪਾਣੀ ਵੱਲੋਂ ਕੀਤੇ ਦੁਕਾਨਦਾਰਾਂ ਦੇ ਨੁਕਸਾਨ ਲਈ ਮੁਆਵਜ਼ਾ ਮੰਗਿਆ।
ਰੈਲੀ ਨੂੰ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੀ ਪੀ ਆਈ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਨਿਰਮਲ ਸਿੰਘ ਧਾਲੀਵਾਲ ਤੇ ਕਾਮਰੇਡ ਜਗਰੂਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗਦਰੀ ਬਾਬਿਆਂ ਤੇ ਹੋਰ ਬਹੁਤ ਸਾਰੇ ਸਿਰਲੱਥਾਂ ਦੀ ਧਰਤੀ ਹੈ। ਇਸ ਦਾ ਸ਼ਾਨਾਮੱਤਾ ਇਤਿਹਾਸ ਹੈ। ਸਿਖਰਲੀ ਲੀਡਰਸ਼ਿਪ ਵੱਲੋਂ ਪਾਰਟੀ ਕਾਂਗਰਸ ਦੀ ਸਫਲਤਾ ਦੇ ਪ੍ਰਗਟ ਕੀਤੇ ਵਿਸ਼ਵਾਸ ਨੂੰ ਆਂਚ ਨਹੀਂ ਆਉਣ ਦਿੱਤੀ ਜਾਵੇਗੀ।ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਮੰਚ ਸੰਚਾਲਨ ਦੇ ਦੌਰਾਨ ਦੇਸ਼ ਅਤੇ ਪੰਜਾਬ ਦੇ ਸਮੁੱਚੇ ਹਾਲਾਤ ਦੀ ਚੀਰਫਾੜ ਵੀ ਕਰਦੇ ਰਹੇ।ਲਾਲ ਝੰਡਿਆਂ, ਮੰਗਾਂ ਦੇ ਮਾਟੋਆਂ ਅਤੇ 25ਵੇਂ ਮਹਾਂ-ਸੰਮੇਲਨ ਦੇ ਬੈਨਰਾਂ ਨਾਲ ਸਜੀ ਰੈਲੀ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਨੇ ਆਸਾਪਾਸਾ ਇਨਕਲਾਬੀ ਬਣਾ ਦਿੱਤਾ। ਕੌਮੀ ਤੇ ਸੂਬਾਈ ਬੁਲਾਰਿਆਂ ਸਭ ਨੇ ਸੀ ਪੀ ਆਈ ਦੀ ਜਨਮ ਸ਼ਤਾਬਦੀ ਉਤੇ ਇਤਿਹਾਸ ਵਿੱਚ ਕੀਤੇ ਸੰਘਰਸ਼ਾਂ ਅਤੇ ਬਲੀਦਾਨਾਂ ਉਤੇ ਗੌਰਵ ਮਹਿਸੂਸ ਕੀਤਾ।ਸਥਾਨਕ ਸਬਜ਼ੀ ਮੰਡੀ ਦਾ ਅਸਮਾਨ ਵੀ ਲਹਿਰਾਉਦੇ ਲਾਲ ਝੰਡਿਆਂ ਨਾਲ ਉਵੇਂ ਲਾਲ ਭਾਅ ਮਾਰਦਾ ਸੀ, ਜਿਵੇਂ ਧਰਤੀ ’ਤੇ ਬੈਠੇ ਸਾਥੀਆਂ ਉਤੇ ਲਾਲ ਝੰਡੇ ਹਵਾ ਝੁਲਾ ਰਹੇ ਸਨ ਅਤੇ ਮੰਡੀ ਦਾ ਸਾਰਾ ਸ਼ੈੱਡ ਲਾਲ ਦਰਿਆ ਵਾਂਗ ਉਸਲਵੱਟੇ ਲੈ ਰਿਹਾ ਸੀ।ਇਹ ਵਿਸ਼ਾਲ ਜਨਤਕ ਰੈਲੀ ਕਿਸਾਨ ਭਵਨ ਚੰਡੀਗੜ੍ਹ ਵਿੱਚ ਹੋ ਰਹੇ ਸੀ ਪੀ ਆਈ ਦੇ 25ਵੇਂ ਮਹਾਂ-ਸੰਮੇਲਨ ਦੇ ਪਹਿਲੇ ਦਿਨ ਉਸ ਦੀ ਆਵਾਜ਼ ਅਤੇ ਸੁਨੇਹਾ ਆਮ ਲੋਕਾਂ ਅਤੇ ਖਾਸ ਕਰਕੇ ਪੰਜਾਬ ਦੇ ਮਿਹਨਤਕਸ਼ਾਂ ਤੱਕ ਪਹੁੰਚਾਉਣ ਲਈ ਅਤੇ ਦੇਸ਼ ਭਰ ਵਿਚੋਂ ਆਏ ਲਗਭਗ 900 ਡੈਲੀਗੇਟਾਂ ਨੂੰ ਆਪਣਾ ਸਮਰਥਨ ਅਤੇ ਸਤਿਕਾਰ ਦੇਣ ਲਈ ਬੁਲਾਈ ਗਈ ਸੀ। ਇਸ ਰੈਲੀ ਰਾਹੀਂ ਸਾਰੀਆਂ ਲੋਕਤੰਤਰੀ ਅਤੇ ਖੱਬੇ-ਪੱਖੀ ਤਾਕਤਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਭਾਜਪਾ ਦੇ ਹਮਲਿਆਂ ਤੋਂ ਲੋਕਤੰਤਰ, ਸੰਵਿਧਾਨ ਅਤੇ ਧਰਮ ਨਿਰਪੱਖਤਾ ਦੀ ਰੱਖਿਆ ਲਈ ਇੱਕ ਵਿਆਪਕ ਮੋਰਚੇ ਵਿੱਚ ਇਕੱਠੇ ਹੋਣ ਅਤੇ ਸਮਾਜਿਕ ਨਿਆਂ ਅਤੇ ਸਮਾਜਵਾਦ ਦੀ ਦਿਸ਼ਾ ਵੱਲ ਅੱਗੇ ਵਧਣ। ਰੈਲੀ ਦੀ ਸ਼ੁਰੂਆਤ ਜ਼ੋਰਦਾਰ ਢੰਗ ਨਾਲ ਹੋਈ, ਜਿਸ ਵਿੱਚ ਮਸ਼ਹੂਰ ਕਲਾਕਾਰਾਂ, ਜਿਵੇਂ ਕਿ ਇਕਬਾਲ ਕੌਰ ਉਦਾਸੀ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਦੇਸ ਰਾਜ ਲਚਕਾਨੀ, ਇਪਟਾ ਮੋਗਾ ਅਤੇ ਹੋਰ ਗੀਤਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ।ਉਨ੍ਹਾਂ ਦੀਆਂ ਜੋਸ਼ੀਲੀਆਂ ਆਵਾਜ਼ਾਂ ਅਤੇ ਸੰਘਰਸ਼ ਦੇ ਗੀਤਾਂ ਨੇ ਪੂਰੇ ਸਮਾਗਮ ਵਿੱਚ ਦਿ੍ਰੜ੍ਹਤਾ ਅਤੇ ਏਕਤਾ ਦੀ ਭਾਵਨਾ ਭਰ ਦਿੱਤੀ।ਰੈਲੀ ਦੌਰਾਨ ਜੋਸ਼ ਭਰਿਆ ਪਲ ਉਸ ਸਮੇਂ ਆਇਆ, ਜਦੋਂ ਨੌਜਵਾਨਾਂ ਦੇ ਵੱਡੇ ਜਥੇ ਮੋਮਬੱਤੀਆਂ ਅਤੇ ਇਨਕਲਾਬੀ ਮਸ਼ਾਲਾਂ ਲੈ ਕੇ ਦਾਖਲ ਹੋਏ, ਜਿਹੜੀਆਂ ਜਲ੍ਹਿਆਂਵਾਲਾ ਬਾਗ, ਹੁਸੈਨੀਵਾਲਾ (ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਅੰਤਮ ਸੰਸਕਾਰ ਦੀ ਥਾਂ) ਅਤੇ ਪਿੰਡ ਭਕਨਾ (ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਦਾ ਜਨਮ ਸਥਾਨ) ਤੋਂ ਲਿਆਂਦੀਆਂ ਗਈਆਂ ਸਨ।ਉਨ੍ਹਾਂ ਦਾ ਉਥੇ ਪਹੁੰਚਣਾ ਬਲਿਦਾਨ ਅਤੇ ਸੰਘਰਸ਼ ਦੀ ਅਮਰ ਭਾਵਨਾ ਦਾ ਪ੍ਰਤੀਕ ਸੀ। ਉਨ੍ਹਾਂ ਦਾ ਸਵਾਗਤ ਪੂਰੇ ਜੋਸ਼, ਉਤਸ਼ਾਹ, ਤਾੜੀਆਂ ਅਤੇ ਇਨਕਲਾਬੀ ਨਾਹਰਿਆਂ ਨਾਲ ਕੀਤਾ ਗਿਆ।ਅਖੀਰ ’ਚ ਕਾਮਰੇਡ ਬਲਦੇਵ ਸਿੰਘ ਨਿਹਾਲਗੜ੍ਹ ਨੇ ਸਭ ਦਾ ਧੰਨਵਾਦ ਕੀਤਾ।





