ਨਵੀਂ ਦਿੱਲੀ : ਈ ਡੀ ਤੇ ਸੀ ਬੀ ਆਈ ਅਧਿਕਾਰੀਆਂ ਵਜੋਂ ਪੇਸ਼ ਹੁੰਦਿਆਂ ਸਾਈਬਰ ਠੱਗਾਂ ਨੇ ਦੱਖਣੀ ਦਿੱਲੀ ਦੇ ਗੁਲਮੋਹਰ ਪਾਰਕ ਇਲਾਕੇ ਵਿੱਚ ਇੱਕ ਸੇਵਾਮੁਕਤ ਬੈਂਕਰ ਨੂੰ ਲਗਭਗ ਇੱਕ ਮਹੀਨੇ ਲਈ ‘ਡਿਜੀਟਲ ਗਿ੍ਰਫਤਾਰ’ ਕਰਕੇ 23 ਕਰੋੜ ਦੀ ਠੱਗੀ ਮਾਰ ਲਈ। ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੇ ਕਥਿਤ ਤੌਰ ’ਤੇ ਪੀੜਤ ਨੂੰ ਕਿਹਾ ਕਿ ਉਸ ਦਾ ਆਧਾਰ ਕਾਰਡ ਨਸ਼ੀਲੇ ਪਦਾਰਥਾਂ ਦੀ ਤਸਕਰੀ, ਅੱਤਵਾਦ ਨੂੰ ਫੰਡ ਦੇਣ ਅਤੇ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸ਼ਾਮਲ ਸੀ। ਠੱਗਾਂ ਨੇ ਜਾਂਚ ਦੇ ਬਹਾਨੇ ਵਿਅਕਤੀ ਨੂੰ ਉਸ ਦੇ ਫਲੈਟ ਤੱਕ ਸੀਮਤ ਕਰ ਦਿੱਤਾ।
ਅਧਿਕਾਰੀ ਨੇ ਕਿਹਾ, ‘ਠੱਗਾਂ ਨੇ ਉਸ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ ਉਸ ਦੀ ਬੱਚਤ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਲਈ ਮਜਬੂਰ ਕੀਤਾ।’
ਪੁਲਸ ਅਨੁਸਾਰ 78 ਸਾਲਾ ਪੀੜਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇਹ ਸਿਲਸਿਲਾ 4 ਅਗਸਤ ਨੂੰ ਸ਼ੁਰੂ ਹੋਇਆ, ਜਦੋਂ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ, ਜੋ ਖੁਦ ਨੂੰ ਮੁੰਬਈ ਪੁਲਸ ਦਾ ਅਧਿਕਾਰੀ ਦੱਸ ਰਿਹਾ ਸੀ। ਫੋਨ ਕਰਨ ਵਾਲੇ ਨੇ ਉਸ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰੈਕੇਟ ਨਾਲ ਜੁੜੇ ਹੋਣ ਦਾ ਦੋਸ਼ ਲਗਾਇਆ। ਬਾਅਦ ਵਿੱਚ ਈ ਡੀ ਅਤੇ ਸੀ ਬੀ ਆਈ ਅਧਿਕਾਰੀਆਂ ਦਾ ਰੂਪ ਧਾਰ ਕੇ ਠੱਗਾਂ ਨੇ ਵੀ ਉਸ ਨਾਲ ਸੰਪਰਕ ਕੀਤਾ। ਅਧਿਕਾਰੀ ਨੇ ਅੱਗੇ ਕਿਹਾ, ‘ਡਰ ਕਾਰਨ ਪੀੜਤ ਨੇ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਅਤੇ ਆਪਣੇ ਬੈਂਕ ਖਾਤਿਆਂ ਤੋਂ ਠੱਗਾਂ ਦੁਆਰਾ ਦੱਸੇ ਗਏ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਦਾ ਰਿਹਾ। ਦੋਸ਼ੀਆਂ ਨੇ ਪੀੜਤ ਨੂੰ ਇਹ ਮਾਮਲਾ ਕਿਸੇ ਨੂੰ ਦੱਸਣ ’ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ।’
ਇਹ ਸਭ 4 ਸਤੰਬਰ ਤੱਕ ਜਾਰੀ ਰਿਹਾ, ਜਿਸ ਤੋਂ ਬਾਅਦ ਠੱਗਾਂ ਨੇ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਉਸ ਨੇ ਮਹਿਸੂਸ ਕੀਤਾ ਕਿ ਉਸ ਨਾਲ ਠੱਗੀ ਹੋਈ ਹੈ, ਇਸ ਲਈ 19 ਸਤੰਬਰ ਨੂੰ ਉਸ ਨੇ ਐੱਨ ਸੀ ਆਰ ਪੀ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਮਾਮਲੇ ਨੂੰ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਅਪਰੇਸ਼ਨਜ਼ ਯੂਨਿਟ ਨੂੰ ਤਬਦੀਲ ਕਰ ਦਿੱਤਾ ਗਿਆ।
ਪੁਲਸ ਨੇ ਦੱਸਿਆ ਕਿ ਇੱਕ ਐੱਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਠੱਗੀ ਗਈ ਰਕਮ ਵਿੱਚੋਂ 12.11 ਕਰੋੜ ਵੱਖ-ਵੱਖ ਬੈਂਕ ਖਾਤਿਆਂ ਵਿੱਚ ਫਰੀਜ਼ ਕਰ ਦਿੱਤੇ ਗਏ ਹਨ। ਪੁਲਸ ਅਧਿਕਾਰੀਆਂ ਨੇ ਕਿਹਾ, ‘ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਸ ’ਤੇ ਕਈ ਟੀਮਾਂ ਪਹਿਲਾਂ ਹੀ ਕੰਮ ਕਰ ਰਹੀਆਂ ਹਨ ਅਤੇ ਜਲਦੀ ਹੀ ਕੇਸ ਸੁਲਝਾ ਲਿਆ ਜਾਵੇਗਾ।’



