ਪ੍ਰਚਾਰਜੀਵੀ ਯੋਗੀ

0
2

ਪ੍ਰਚਾਰ ‘ਤੇ ਖਰਚ ਕਰਨ ਵਿੱਚ ਯੂ ਪੀ ਵਿੱਚ ਯੋਗੀ ਆਦਿੱਤਿਆਨਾਥ ਸਰਕਾਰ ਦਾ ਜਵਾਬ ਨਹੀਂ। ਨਿਊਜ਼ ਵੈੱਬਸਾਈਟ ਨਿਊਜ਼ਲਾਂਡਰੀ ਵੱਲੋਂ ਰਾਜ ਸਰਕਾਰ ਦੇ ਅਧਿਕਾਰਤ ਬਜਟ ਦਸਤਾਵੇਜ਼ਾਂ ਦੇ ਵਿਸ਼ਲੇਸ਼ਣ ਤੋਂ ਇਹ ਖੁਲਾਸਾ ਹੋਇਆ ਹੈ ਕਿ ਯੋਗੀ ਸਰਕਾਰ ਨੇ ਇਸ਼ਤਿਹਾਰਾਂ ‘ਤੇ ਰੋਜ਼ਾਨਾ ਔਸਤਨ 2.32 ਕਰੋੜ ਖਰਚ ਕੀਤੇ ਹਨ। ਇਹ ਅੰਕੜਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਔਸਤ ਖਰਚ ਨੂੰ ਪਾਰ ਕਰ ਗਿਆ ਹੈ। ਯੋਗੀ ਸਰਕਾਰ ਨੇ ਵਿੱਤੀ ਸਾਲ 2017-18 ਅਤੇ 2024-25 (ਅੱਠ ਸਾਲ) ਵਿਚਕਾਰ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ‘ਤੇ ਕੁੱਲ 6,811.94 ਕਰੋੜ ਖਰਚ ਕੀਤੇ। ਇਹ ਖਰਚ ਰੋਜ਼ਾਨਾ ਔਸਤਨ ਲੱਗਪੱਗ 2.32 ਕਰੋੜ ਬਣਦਾ ਹੈ। ਪਿਛਲੇ 11 ਸਾਲਾਂ ਵਿੱਚ ਮੋਦੀ ਸਰਕਾਰ ਦਾ ਇਸ਼ਤਿਹਾਰਬਾਜ਼ੀ ‘ਤੇ ਔਸਤ ਰੋਜ਼ਾਨਾ ਖਰਚ 1.5 ਕਰੋੜ ਪ੍ਰਤੀ ਦਿਨ ਰਿਹਾ ਹੈ। ਜੇ ਵਿੱਤੀ ਸਾਲ 2025-26 ਲਈ ਨਿਰਧਾਰਤ 918.83 ਕਰੋੜ ਦੇ ਬਜਟ ਪ੍ਰਬੰਧ ਨੂੰ ਵੀ ਜੋੜਿਆ ਜਾਵੇ ਤਾਂ ਨੌਂ ਸਾਲਾਂ ਲਈ ਕੁੱਲ ਪ੍ਰਚਾਰ ਬਜਟ 7,730 ਕਰੋੜ (ਔਸਤਨ 2.35 ਕਰੋੜ ਪ੍ਰਤੀ ਦਿਨ) ਨੂੰ ਪਾਰ ਕਰ ਜਾਂਦਾ ਹੈ।
ਯੂ ਪੀ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅੱਠ ਸਾਲਾਂ ਦੇ ਖਰਚਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ 83 ਫੀਸਦੀ ਤੋਂ ਵੱਧ ਫੰਡ ਸਿਰਫ ‘ਇਸ਼ਤਿਹਾਰਬਾਜ਼ੀ ਅਤੇ ਵਿਜ਼ੁਅਲ ਪਬਲੀਸਿਟੀ’ ਉੱਤੇ ਖਰਚ ਕੀਤੇ ਗਏ, ਜਿਸ ਰਾਹੀਂ ਸਰਕਾਰੀ ਫੰਡ ਅਖਬਾਰਾਂ, ਟੀ ਵੀ ਚੈਨਲਾਂ ਅਤੇ ਡਿਜੀਟਲ ਪਲੇਟਫਾਰਮਾਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ।
ਇਸ਼ਤਿਹਾਰਬਾਜ਼ੀ ਅਤੇ ਵਿਜ਼ੁਅਲ ਪਬਲੀਸਿਟੀ ਖਰਚ 2017-18 ਵਿੱਚ 236.33 ਕਰੋੜ ਤੋਂ ਵਧ ਕੇ 2024-25 ਵਿੱਚ 1,205.06 ਕਰੋੜ ਹੋ ਗਿਆ। ਨਿਊਜ਼ਲਾਂਡਰੀ ਨੇ ਸੂਚਨਾ ਵਿਭਾਗ ਕੋਲ ਇੱਕ ਆਰ ਟੀ ਆਈ ਬੇਨਤੀ ਦਾਇਰ ਕਰਕੇ ਇਹ ਜਾਣਕਾਰੀ ਮੰਗੀ ਸੀ ਕਿ ਕਿਹੜੇ ਮੀਡੀਆ ਗਰੁੱਪਾਂ ਨੂੰ ਇਸ਼ਤਿਹਾਰਬਾਜ਼ੀ ਫੰਡਿੰਗ ਮਿਲੀ, ਪਰ ਸਰਕਾਰ ਨੇ ਇਹ ਜਾਣਕਾਰੀ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, 2021 ਵਿੱਚ ਇੱਕ ਆਰ ਟੀ ਆਈ ਜਵਾਬ ਦੇ ਆਧਾਰ ‘ਤੇ ਇੱਕ ਨਿਊਜ਼ਲਾਂਡਰੀ ਰਿਪੋਰਟ ਨੇ ਖੁਲਾਸਾ ਕੀਤਾ ਕਿ ਯੋਗੀ ਸਰਕਾਰ ਨੇ ਸਿਰਫ ਇੱਕ ਸਾਲ (2020-21) ਵਿੱਚ ਟੀ ਵੀ ਨਿਊਜ਼ ਚੈਨਲਾਂ ਨੂੰ 160 ਕਰੋੜ ਦੇ ਇਸ਼ਤਿਹਾਰ ਅਲਾਟ ਕੀਤੇ ਸਨ। ਇਸ ਵਿੱਚੋਂ ਸਭ ਤੋਂ ਵੱਧ ਰਕਮ 28.82 ਕਰੋੜ, ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੇ ਨੈੱਟਵਰਕ 18 ਸਮੂਹ ਨੂੰ ਗਈ।
ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਯੋਗੀ-ਮੋਦੀ ਡਬਲ-ਇੰਜਣ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਯੋਗੀ ਪ੍ਰਚਾਰਜੀਵੀ ਹਨ। ਉਨ੍ਹਾ ਦਾਅਵਾ ਕੀਤਾ ਹੈ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਨੂੰ ਅਯੁੱਧਿਆ ਜਾਣ ਦਾ ਰਿਕਾਰਡ ਬਣਾਉਣ ਦੇ ਬਾਵਜੂਦ ਅੰਤ ਵਿੱਚ ਬਦਨਾਮੀ ਤੋਂ ਇਲਾਵਾ ਕੁਝ ਨਹੀਂ ਮਿਲਿਆ, ਉਸੇ ਤਰ੍ਹਾਂ ਝੂਠੇ ਸਵੈ-ਪ੍ਰਸੰਸਾ ਵਾਲੇ ਇਸ਼ਤਿਹਾਰਾਂ ‘ਤੇ ਪ੍ਰਤੀ ਦਿਨ 2.3 ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਮੁੱਖ ਮੰਤਰੀ ਨੂੰ ਬਦਨਾਮੀ ਤੋਂ ਇਲਾਵਾ ਕੁਝ ਨਹੀਂ ਮਿਲਣਾ। ਬਿਨਾਂ ਸੋਚੇ-ਸਮਝੇ ਪ੍ਰਚਾਰ ਕੁਝ ਵੀ ਪ੍ਰਾਪਤ ਨਹੀਂ ਕਰਦਾ। ਜੇ ਮੁੱਖ ਮੰਤਰੀ ਇਕੱਲੇ ਬੈਠ ਕੇ ਵਿਚਾਰ ਕਰਨਗੇ ਤਾਂ ਉਨ੍ਹਾ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾ ਦੀ ਆਪਣੀ ਪ੍ਰਚਾਰ ਮਸ਼ੀਨਰੀ ਉਨ੍ਹਾ ਦਾ ਅੰਤ ਨੇੜੇ ਲਿਆ ਰਹੀ ਹੈ।