ਚੰਡੀਗੜ੍ਹ (ਗੁਰਜੀਤ ਬਿੱਲਾ,
�ਿਸ਼ਨ ਗਰਗ)
ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਮਾਰ ਹੇਠ ਆਏ ਖੇਤਰਾਂ ਵਿੱਚ ਚਲਾਈ ਜਾ ਰਹੀ ‘ਵਿਸ਼ੇਸ਼ ਸਿਹਤ ਮੁਹਿੰਮ’ ਦਾ ਪਹਿਲਾ ਹਫ਼ਤਾ ਪੂਰਾ ਹੋਣ ’ਤੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ, ਜਿਸ ਤਹਿਤ ਮੈਡੀਕਲ ਟੀਮਾਂ ਵੱਲੋਂ ਹੜ੍ਹ ਪ੍ਰਭਾਵਤ 2303 ਪਿੰਡਾਂ ਵਿੱਚ ਸਿਹਤ ਕੈਂਪ ਲਗਾਏ ਗਏ ਅਤੇ 2,47,958 ਤੋਂ ਵੱਧ ਓ ਪੀ ਡੀ ਕੰਸਲਟੇਸ਼ਨਜ਼ ਕੀਤੀਆਂ ਗਈਆਂ। ਇਹ ਜਾਣਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੋਮਵਾਰ ਇੱਥੇ ਦਿੱਤੀ।
ਇਸ ਵੱਡੇ ਯਤਨ ਸਦਕਾ 31,717 ਬੁਖਾਰ ਦੇ ਕੇਸ, 7,832 ਦਸਤ ਦੇ ਕੇਸ, 36,119 ਚਮੜੀ ਦੀ ਲਾਗ ਅਤੇ 16,884 ਅੱਖਾਂ ਦੀ ਲਾਗ ਸੰਬੰਧੀ ਬਿਮਾਰੀਆਂ ਦਾ ਤੁਰੰਤ ਇਲਾਜ ਸੰਭਵ ਹੋਇਆ ਹੈ, ਤਾਂ ਜੋ ਕਿਸੇ ਵੱਡੇ ਪ੍ਰਕੋਪ ਨੂੰ ਰੋਕਿਆ ਜਾ ਸਕੇ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 14 ਸਤੰਬਰ ਨੂੰ 2303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ‘ਵਿਸ਼ੇਸ਼ ਸਿਹਤ ਮੁਹਿੰਮ’ ਦੀ ਅਗਵਾਈ ਕਰਨ ਲਈ ਸਾਰੇ ਉਪਲਬਧ ਸਰੋਤਾਂ- ਸਰਕਾਰੀ ਡਾਕਟਰਾਂ, ਨਵੇਂ ਭਰਤੀ ਕੀਤੇ ਮੈਡੀਕਲ ਅਫਸਰਾਂ, ਪ੍ਰਾਈਵੇਟ ਵਲੰਟੀਅਰਾਂ, ਆਯੁਰਵੇਦ ਮੈਡੀਕਲ ਅਫਸਰਾਂ ਅਤੇ ਐੱਮ ਬੀ ਬੀ ਐੱਸ ਇੰਟਰਨਜ਼ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਸਨ।14 ਸਤੰਬਰ ਤੋਂ ਹੁਣ ਤੱਕ ਦੇ ਸੰਚਤ ਡੇਟਾ ਜਾਰੀ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਰੋਕਥਾਮ ਕਾਰਵਾਈ ’ਤੇ ਰਣਨੀਤਕ ਧਿਆਨ ਦਿੱਤਾ ਗਿਆ ਸੀ, ਜਿਸ ਕਰਕੇ ਅਹਿਮ ਨਤੀਜੇ ਸਾਹਮਣੇ ਆਏ ਹਨ, 20,000 ਤੋਂ ਵੱਧ ਆਸ਼ਾ ਵਰਕਰਾਂ ਦੁਆਰਾ 7 ਲੱਖ ਤੋਂ ਵੱਧ ਘਰਾਂ ਵਿੱਚ ਜਾ ਕੇ ਜਾਂਚ ਕੀਤੀ ਤੇ ਇਸ ਦੌਰਾਨ ਸਿਰਫ ਪੰਜ ਮਲੇਰੀਆ ਦੇ ਕੇਸ ਹੀ ਸਾਹਮਣੇ ਆਏ ਹਨ। ਉਨ੍ਹਾ ਕਿਹਾ ਕਿ ਸਿਹਤ ਟੀਮਾਂ ਵੱਲੋਂ ਇਸ ਦੌਰਾਨ 2.27 ਲੱਖ ਜ਼ਰੂਰੀ ਸਿਹਤ ਕਿੱਟਾਂ ਵੀ ਵੰਡੀਆਂ ਗਈਆਂ ਹਨ।



