ਮੁਹਾਲੀ : ਫੇਜ਼ 2 ਦੇ ਇੱਕ ਜਿਮ ਮਾਲਕ ਉੱਤੇ ਵੀਰਵਾਰ ਸਵੇਰੇ 5 ਵਜੇ ਦੇ ਕਰੀਬ ਮੋਟਰਸਾਈਕਲ ਉੱਤੇ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਵਿੱਕੀ ਨਾਂਅ ਦੇ ਇਸ ਜਿੰਮ ਮਾਲਕ ਦੀਆਂ ਲੱਤਾਂ ਵਿੱਚ ਚਾਰ ਦੇ ਕਰੀਬ ਗੋਲੀਆਂ ਲੱਗੀਆਂ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਜਿੰਮ ਮਾਲਕ ਆਪਣੇ ਜਿੰਮ ਦੇ ਬਾਹਰ ਗੱਡੀ ਵਿੱਚ ਪਿਆ ਸੀ, ਜਦੋਂ ਉਸ ਉੱਤੇ ਗੋਲੀਆਂ ਚਲਾਈਆਂ ਗਈਆਂ। ਜਿੰਮ ਟਰੇਨਰ ਅਤੇ ਜਿੰਮ ਵਿੱਚ ਆਏ ਨੌਜਵਾਨਾਂ ਨੇ ਜ਼ਖ਼ਮੀ ਹੋਏ ਜਿੰਮ ਮਾਲਕ ਨੂੰ ਹਸਪਤਾਲ ਪਹੁੰਚਾਇਆ। ਮਾਰਕੀਟ ਦੇ ਚੌਕੀਦਾਰਾਂ ਨੇ ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਅਤੇ ਮੁਹਾਲੀ ਦੇ ਫੇਜ਼ ਇੱਕ ਥਾਣੇ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਿੰਮ ਮਾਲਕ ਦੀ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।




