ਚੰਡੀਗੜ੍ਹ ’ਤੇ ਪੰਜਾਬ ਦਾ ਹੀ ਹੱਕ, ਸਜ਼ਾ ਭੁਗਤ ਚੁੱਕੇ ਲੋਕ ਰਿਹਾਅ ਕੀਤੇ ਜਾਣ : ਬੰਤ ਬਰਾੜ, ਨਿਰਮਲ ਧਾਲੀਵਾਲ
ਚੰਡੀਗੜ੍ਹ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੀ 21 ਤੋਂ 25 ਸਤੰਬਰ ਤੱਕ ਹੋਈ 25ਵੀਂ ਕਾਂਗਰਸ ਹਰ ਪੱਖ ਤੋਂ ਸਫਲ ਰਹੀ।ਪੰਜਾਬ ਦੇ ਕ੍ਰਾਂਤੀਕਾਰੀ ਵਿਰਸੇ ਦੀ ਵਾਰਸ ਪੰਜਾਬ ਦੀ ਕਮਿਊਨਿਸਟ ਪਾਰਟੀ ਨੇ ਇਸ ਸਫਲਤਾ ਵਿੱਚ ਵੱਡੀ ਭੂਮਿਕਾ ਨਿਭਾਈ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਨਵੇਂ ਚੁਣੇ ਗਏ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਵਿਖੇ ਹੋਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾ ਕਿਹਾ ਕਿ ਪੰਜਾਬ ਵਿਚ ਪਾਰਟੀ ਦੀ ਇਹ ਚੌਥੀ ਪਾਰਟੀ ਕਾਂਗਰਸ ਸੀ।ਇਸ ਤੋਂ ਪਹਿਲਾਂ ਅੰਮਿ੍ਰਤਸਰ, ਬਠਿੰਡਾ ਅਤੇ ਚੰਡੀਗੜ੍ਹ ਵਿੱਚ ਮਹਾਂ-ਸੰਮੇਲਨ ਹੋ ਚੁੱਕੇ ਸਨ।25ਵੇਂ ਮਹਾਂ-ਸੰਮੇਲਨ ਦਾ ਇਸ ਕਰਕੇ ਵਧੇਰੇ ਮਹੱਤਵ ਹੈ ਕਿ ਇਹ ਵਰ੍ਹਾ ਸੀ ਪੀ ਆਈ ਦੀ ਸਥਾਪਨਾ ਦਾ ਸ਼ਤਾਬਦੀ ਵਰ੍ਹਾ ਹੈ।ਉਹਨਾ ਕਿਹਾ ਕਿ ਪੂਰੇ ਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਾਰਥਿਕ ਸੰਦੇਸ਼ ਦੇਣ ਵਿੱਚ ਮਹਾਂਸੰਮੇਲਨ ਸਫਲ ਹੋਇਆ ਹੈ।ਡੀ ਰਾਜਾ ਨੇ ਕਿਹਾ ਕਿ ਸਮਾਗਮ ਉਸ ਮੌਕੇ ਹੋਇਆ ਹੈ ਜਦੋਂ ਦੇਸ਼ ਭਾਰੀ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਹੈ।ਭਾਜਪਾ ਅਤੇ ਆਰ ਐੱਸ ਐੱਸ ਵੱਲੋਂ ਦੇਸ਼ ਦੇ ਜਮਹੂਰੀ ਢਾਂਚੇ ਨੂੰ ਤਹਿਸ-ਨਹਿਸ ਕਰਕੇ ਫਾਸ਼ੀਵਾਦ ਵੱਲ ਵਧਿਆ ਜਾ ਰਿਹਾ ਹੈ।ਭਾਰਤੀ ਸੰਵਿਧਾਨ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।ਘੱਟ ਗਿਣਤੀਆਂ ਅਤੇ ਖਾਸ ਕਰਕੇ ਮੁਸਲਿਮ ਭਾਈਚਾਰੇ ਵਿਰੁੱਧ ਨਫ਼ਰਤੀ ਜ਼ਹਿਰ ਫੈਲਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ।ਅਮਰੀਕੀ ਡਿਕਟੇਟਰ ਟਰੰਪ ਦੇ ਨਿਰਦੇਸ਼ਾਂ ਦੀ ਸਰਕਾਰ ਪਾਲਣਾ ਕਰਦੀ ਨਜ਼ਰ ਆ ਰਹੀ ਹੈ।ਕਮਿਊਨਿਸਟ ਆਗੂ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਭਾਰਤੀ ਹਾਂ, ਦੇਸ਼ ਸਾਡਾ ਹੈ ਤੇ ਅਸੀਂ ਇਸ ਦਾ ਭਵਿੱਖ ਸਵਾਰਾਂਗੇ।ਉਹਨਾ ਕਿਹਾ ਕਿ ਬਿਹਾਰ ਵਿੱਚ ਵੋਟਰ ਸੂਚੀਆਂ ਵਿੱਚੋਂ ਨਾਂਅ ਕਟਵਾ ਕੇ ਜਾਂ ਪਵਾ ਕੇ ਚੋਣ ਫਾਸ਼ੀਵਾਦ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਡੀ ਰਾਜਾ ਨੇ 25ਵੀਂ ਪਾਰਟੀ ਕਾਂਗਰਸ ਵਿੱਚ ਦੂਸਰੀਆਂ ਕਮਿਊਨਿਸਟ ਪਾਰਟੀਆਂ ਵੱਲੋਂ ਆਪਣੇ ਸੰਦੇਸ਼ਾਂ ਵਿੱਚ ਦਿੱਤੇ ਭਰਵੇਂ ਹੁੰਗਾਰੇ ਦੇ ਹਵਾਲੇ ਨਾਲ ਕਿਹਾ ਕਿ ਖੱਬੀ ਅਤੇ ਕਮਿਊਨਿਸਟ ਏਕਤਾ ਵੱਲ ਮਜ਼ਬੂਤੀ ਨਾਲ ਅੱਗੇ ਵਧਿਆ ਜਾਵੇਗਾ।
ਡੀ ਰਾਜਾ ਨੇ ਜੰਮੂ-ਕਸ਼ਮੀਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਬਦਲ ਕੇ ਉੱਥੋਂ ਦੇ ਲੋਕਾਂ ਨਾਲ ਧੱਕਾ ਕੀਤਾ ਗਿਆ ਹੈ। ਸੀ ਪੀ ਆਈ ਮੰਗ ਕਰਦੀ ਹੈ ਕਿ ਜੰਮੂ-ਕਸ਼ਮੀਰ ਨੂੰ ਪੂਰੇ ਰਾਜ ਦਾ ਦਰਜਾ ਦਿੱਤਾ ਜਾਵੇ। ਉਨ੍ਹਾ ਕਿਹਾ ਕਿ ਦਿੱਲੀ ਅਤੇ ਪੁੱਡੂਚੇਰੀ ਵੀ ਕੇਂਦਰ ਸ਼ਾਸਤ ਪ੍ਰਦੇਸ਼ ਹਨ, ਪਰ ਉੱਥੇ ਚੁਣੀਆਂ ਹੋਈਆਂ ਸਰਕਾਰਾਂ ਕੰਮ ਕਰਦੀਆਂ ਹਨ।
ਪਾਰਟੀ ਕਾਂਗਰਸ ਵਿੱਚ ਪਾਸ ਕੀਤੇ ਗਏ ਇੱਕ ਮਤੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਸੀਨੀਅਰ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਦਿੱਤਾ। ਦੋਹਾ ਆਗੂਆਂ ਨੇ ਕਿਹਾ ਕਿ ਸਾਡੀ ਕੌਮੀ ਪੱਧਰ ਦੀ ਪਾਰਟੀ ਹੈ । ਪਰ ਅਸੀਂ ਹਮੇਸ਼ਾ ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਦੇ ਵੀ ਹਾਮੀ ਰਹੇ ਹਾਂ। ਚੰਡੀਗੜ੍ਹ ਉੱਤੇ ਪੰਜਾਬ ਦਾ ਹੀ ਹੱਕ ਹੈ। ਇਹ ਪੰਜਾਬ ਦੇ 22 ਪਿੰਡ ਉਜਾੜ ਕੇ ਬਣਾਇਆ ਗਿਆ ਸੀ। ਪੰਜਾਬ ਵਿੱਚ ਅਕਾਲੀ ਦਲ (ਬਾਦਲ) ਦਾ ਭਾਜਪਾ ਨਾਲ ਦਹਾਕਿਆਂ ਤੱਕ ਗੱਠਜੋੜ ਰਿਹਾ ਪਰ ਇਨ੍ਹਾਂ ਪੰਜਾਬ ਦੇ ਅਹਿਮ ਮਸਲਿਆਂ ਬਾਰੇ ਚੁੱਪ ਵੱਟੀ ਰੱਖੀ। ਅਸੀਂ ਤਾਂ ਪੰਜਾਬ ਦੇ ਉਨ੍ਹਾਂ ਲੋਕਾਂ ਦੀ ਰਿਹਾਈ ਦੀ ਵੀ ਮੰਗ ਕਰਦੇ ਹਾਂ, ਜਿਹੜੇ ਸਜ਼ਾਵਾਂ ਤਾਂ ਭੁਗਤ ਚੁੱਕੇ ਹਨ ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਵਿੱਚ ਪੱਤਰਕਾਰ, ਬੁੱਧੀਜੀਵੀ ਤੇ ਉਹ ਲੋਕ ਵੀ ਹਨ, ਜਿਹੜੇ ਵਿਚਾਰਧਾਰਾ ਪੱਖੋਂ ਸਾਡੇ ਨਾਲੋਂ ਵੱਖਰੇ ਹਨ। ਬਰਾੜ ਤੇ ਧਾਲੀਵਾਲ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਵਿੱਚ ਪੰਜਾਬੀ ਜ਼ਬਾਨ ਨੂੰ ਉਸਦਾ ਸਹੀ ਦਰਜਾ ਦਿਵਾਉਣ ਦੀ ਵੀ ਮੰਗ ਕਰਦੇ ਹਾਂ।
ਚੰਡੀਗੜ੍ਹ ਵਿੱਚ ਦਫਤਰਾਂ ਵਿੱਚੋਂ ਪੰਜਾਬੀ ਭਾਸ਼ਾ ਬਾਹਰ ਕਰ ਦਿੱਤੀ ਗਈ ਹੈ। ਬੱਚਿਆਂ ਨੂੰ ਪੰਜਾਬੀ ਤੋਂ ਵਿਰਵੇ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ‘ਆਪ’ ਬੇਸ਼ਕ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ ਪਰ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਅਸੀਂ ਹਮੇਸ਼ਾ ਵਿਰੋਧ ਕੀਤਾ ਹੈ। ਇਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚ ਸਹੀ ਢੰਗ ਨਾਲ ਕੋਈ ਵੀ ਲਾਗੂ ਨਹੀਂ ਕੀਤਾ। ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੀ ਨਵੀਂ ਚੁਣੀ ਗਈ ਕਾਰਜਕਾਰਣੀ ਦੇ ਮੈਂਬਰ ਗਿਰੀਸ਼ ਸ਼ਰਮਾ, ਕਾਮਰੇਡ ਐਨੀ ਰਾਜਾ, ਗੁਲਜ਼ਾਰ ਗੋਰੀਆ, ਨਿਸ਼ਾ ਸਿੱਧੂ, ਕਮਲਜੀਤ ਕੌਰ ਢਿੱਲੋਂ ਤੇ ਦੇਵੀ ਕੁਮਾਰੀ ਸਰਹਾਲੀ ਕਲਾਂ ਵੀ ਮੌਜੂਦ ਸਨ।





