ਮੁੰਬਈ : ਹੁਰੂਨ ਇੰਡੀਆ ਰਿਚ ਲਿਸਟ-2025 ਮੁਤਾਬਕ ਮੁਕੇਸ਼ ਅੰਬਾਨੀ ਦੇ ਖਾਨਦਾਨ ਦੀ ਦੌਲਤ 9.55 ਲੱਖ ਕਰੋੜ ਹੋ ਗਈ ਹੈ, ਜਦਕਿ ਗੌਤਮ ਅਡਾਨੀ ਦਾ ਖਾਨਦਾਨ 8.15 ਲੱਖ ਕਰੋੜ ਰੁਪਏ ਨਾਲ ਦੂਜੇ ਨੰਬਰ ‘ਤੇ ਹੈ | ਐੱਚ ਸੀ ਐੱਲ ਟੈਕਨਾਲੋਜੀਜ਼ ਦੀ ਚੇਅਰਪਰਸਨ ਰੌਸ਼ਨੀ ਨਾਦਰ ਮਲਹੋਤਰਾ 2.84 ਲੱਖ ਕਰੋੜ ਨਾਲ ਤੀਜੇ ਨੰਬਰ ‘ਤੇ ਹੈ | ਦੇਸ਼ ਵਿੱਚ ਖਰਬਪਤੀਆਂ ਦੀ ਗਿਣਤੀ 350 ਨਾਲੋਂ ਟੱਪ ਗਈ ਹੈ | ਇਹ 13 ਸਾਲ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਲਿਸਟ ਨਾਲੋਂ ਛੇ ਗੁਣਾ ਦਾ ਵਾਧਾ ਹੈ | ਸਾਰੇ ਖਰਬਪਤੀਆਂ ਦੀ ਕੁਲ ਦੌਲਤ 167 ਲੱਖ ਕਰੋੜ ਰੁਪਏ ਬਣਦੀ ਹੈ, ਜੋ ਭਾਰਤ ਦੀ ਕੁਲ ਘਰੇਲੂ ਪੈਦਾਵਾਰ (ਜੀ ਡੀ ਪੀ) ਦੀ ਕਰੀਬ ਅੱਧੀ ਹੈ | ਖਰਬਪਤੀਆਂ ਵਿੱਚ ਕਈ ਨੌਜਵਾਨਾਂ ਦਾ ਵਾਧਾ ਹੋਇਆ ਹੈ | ਪਰਪਲੈਕਸਿਟੀ ਦਾ ਬਾਨੀ 31 ਸਾਲਾ ਅਰਵਿੰਦ ਸ੍ਰੀਨਿਵਾਸ 21 ਹਜ਼ਾਰ 900 ਕਰੋੜ ਨਾਲ ਸਭ ਤੋਂ ਨੌਜਵਾਨ ਭਾਰਤੀ ਖਰਬਪਤੀ ਬਣ ਗਿਆ ਹੈ | ਮੁੰਬਈ ਵਿੱਚ ਸਭ ਤੋਂ ਵੱਧ 451 ਵਿਅਕਤੀਗਤ ਖਰਬਪਤੀ ਹਨ | ਉਸ ਤੋਂ ਬਾਅਦ ਦਿੱਲੀ ਵਿੱਚ 223 ਤੇ ਬੇਂਗਲੁਰੂ ਵਿੱਚ 116 ਹਨ |
ਸ਼ਾਹਰੁਖ ਖਾਨ ਵੀ 12,490 ਕਰੋੜ ਦੀ ਦੌਲਤ ਨਾਲ ਪਹਿਲੀ ਵਾਰ ਖਰਬਪਤੀਆਂ ਦੇ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ | ਉਹ ਆਪਣੀ ਬਿਜ਼ਨਸ ਪਾਰਟਨਰ ਜੂਹੀ ਚਾਵਲਾ ਨਾਲੋਂ ਅੱਗੇ ਲੰਘ ਗਿਆ ਹੈ, ਜਿਸ ਦੀ ਦੌਲਤ 7790 ਕਰੋੜ ਰੁਪਏ ਹੈ | ਫਿਲਮੀ ਦੁਨੀਆ ਵਿੱਚ ਰਿਤਿਕ ਰੌਸ਼ਨ 2160 ਕਰੋੜ ਨਾਲ ਤੀਜੇ ਨੰਬਰ ‘ਤੇ ਹੈ | ਨਿਰਮਾਤਾ ਕਰਨ ਜੌਹਰ ਦਾ ਪਰਵਾਰ 1880 ਕਰੋੜ ਨਾਲ ਚੌਥੇ ਅਤੇ ਅਮਿਤਾਭ ਬੱਚਨ ਦਾ ਪਰਵਾਰ 1630 ਕਰੋੜ ਰੁਪਏ ਨਾਲ ਪੰਜਵੇਂ ਨੰਬਰ ‘ਤੇ ਹੈ | ਸਲਮਾਨ ਖਾਨ, ਅਕਸ਼ੈ ਕੁਮਾਰ, ਆਮਿਰ ਖਾਨ ਤੇ ਰਣਬੀਰ ਕਪੂਰ ਵਰਗੇ ਹੀਰੋ ਅਤੇ ਦੀਪਿਕਾ ਪਾਦੂਕੋਣ ਜਾਂ ਆਲੀਆ ਭੱਟ ਵਰਗੀਆਂ ਹੀਰੋਇਨਾਂ ਇਨ੍ਹਾਂ ਦੇ ਲਾਗੇ-ਛਾਗੇ ਨਹੀਂ | ਇੱਥੋਂ ਤੱਕ ਕਿ ਯਸ਼ ਰਾਜ ਫਿਲਮਜ਼ ਦਾ ਮੁਖੀ ਆਦਿਤਿਆ ਚੋਪੜਾ ਵੀ ਲਿਸਟ ਵਿੱਚ ਨਦਾਰਦ ਹੈ | 1.4 ਅਰਬ ਡਾਲਰ (12,490 ਕਰੋੜ) ਨਾਲ ਸ਼ਾਹਰੁਖ ਖਾਨ ਦੁਨੀਆ ਦਾ ਸਭ ਤੋਂ ਅਮੀਰ ਐਕਟਰ ਬਣ ਗਿਆ ਹੈ | ਉਸ ਦੀ ਕਮਾਈ ਦਾ ਮੁੱਖ ਸਰੋਤ ਸਿਨਮਾ ਹੈ | ਉਂਜ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਕ੍ਰਿਕਟ ਟੀਮ ਵਿੱਚ ਵੀ ਜੂਹੀ ਚਾਵਲਾ ਨਾਲ ਰਲ ਕੇ ਪੈਸੇ ਲਾਏ ਹੋਏ ਹਨ | ਦੁਨੀਆ ਦੇ ਹੋਰਨਾਂ ਅਮੀਰ ਐਕਟਰਾਂ ਵਿੱਚ ਟੇਲਰ ਸਵਿਫਟ (1.3 ਅਰਬ ਡਾਲਰ), ਅਰਨੋਲਡ ਸ਼ਵਾਰਜ਼ਨੇਗਰ (1.2 ਅਰਬ ਡਾਲਰ), ਜੈਰੀ ਸੀਨਫੇਲਡ (1.2 ਅਰਬ ਡਾਲਰ) ਤੇ ਸੇਲੇਨਾ ਗੋਮੇਜ਼ (72 ਕਰੋੜ ਡਾਲਰ) ਸ਼ਾਮਲ ਹਨ |




