ਚੰਡੀਗੜ੍ਹ : ਆਰ ਐੱਸ ਐੱਸ ਦੇ ਜਨਮ ਦੇ 100 ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਵੱਲੋਂ ਸੰਘ ਦੀ ਪ੍ਰਸੰਸਾ ਦੇ ਪੁਲ ਬੰਨ੍ਹਣ ਅਤੇ ਇਸ ਦੇ ਕਾਰਨਾਮਿਆਂ ਨੂੰ ਸਤਿਕਾਰ ਦੇਣ ਵਾਸਤੇ ਜਾਰੀ ਕੀਤੇ ਗਏ 100 ਰੁਪਏ ਦੇ ਸਿੱਕਿਆਂ ’ਤੇ ਪ੍ਰਤੀਕਰਮ ਕਰਦਿਆਂ ਹੋਇਆਂ ਪੰਜਾਬ ਸੀ ਪੀ ਆਈ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸੀ ਪੀ ਆਈ ਨੇ ਕਿਹਾ ਹੈ ਕਿ ਆਰ ਐੱਸ ਐੱਸ, ਜਮਾਤੇ ਇਸਲਾਮੀ ਅਤੇ ਹਿੰਦੂ ਮਹਾਂ ਸਭਾ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਹਰ ਸਮੇਂ ਇਸ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਸੀ ਪੀ ਆਈ ਦਾ ਪੱਖ ਰੱਖਦਿਆਂ ਆਖਿਆ ਹੈ ਕਿ ਮਹਾਤਮਾ ਗਾਂਧੀ ਦਾ ਕਤਲ ਕਰਨ, ਦੇਸ਼ ਵਿਚ ਆਜ਼ਾਦੀ ਸੰਗਰਾਮ ਵੇਲੇ ਫਿਰਕੂ ਦੰਗੇ ਭੜਕਾਅ ਕੇ ਕਤਲੇਆਮ ਕਰਵਾਉਣ ਅਤੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਅੰਗਰੇਜ਼ਾਂ ਵੱਲੋਂ ਫਾਂਸੀ ਦੇਣ ਵੇਲੇ ਵੀ ਅੰਗਰੇਜ਼ਾਂ ਦੇ ਬੂਟ ਚੱਟਣੇ ਆਦਿ ਸੰਘ ਦਾ ਕਿਰਦਾਰ ਰਿਹਾ ਹੈ। ਗੋਲਵਾਲਕਰ ਅਤੇ ਸਾਵਰਕਰ ਵਰਗੇ ਇਹਨਾਂ ਦੇ ਆਗੂਆਂ ਦੀ ਅੰਗਰੇਜ਼ ਭਗਤੀ ਕਿਸੇ ਤੋਂ ਲੁਕੀ ਨਹੀਂ।
ਸਾਥੀ ਬਰਾੜ ਨੇ ਅੱਗੇ ਆਖਿਆ ਕਿ ਆਜ਼ਾਦੀ ਤੋਂ ਬਾਅਦ ਵੀ ਗਾਂਧੀ ਦੇ ਕਤਲ ਤੋਂ ਲੈ ਕੇ ਦੇਸ਼ ਅੰਦਰ ਫਿਰਕੂ ਦੰਗੇ ਕਰਵਾ ਕੇ ਘੱਟ-ਗਿਣਤੀਆਂ ਵਿਰੁੱਧ ਨਫਰਤੀ ਅਤੇ ਹਿੰਸਾਤਮਕ ਕਾਰਵਾਈਆਂ ਕਰਵਾ ਕੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਕਰਨੀ ਇਹਨਾਂ ਦਾ ਇਤਿਹਾਸ ਰਿਹਾ ਹੈ। ਸਾਥੀ ਬਰਾੜ ਨੇ ਆਖਿਆ ਕਿ ਇਹ ਦੇਸ਼ ਦੀ ਸਭ ਤੋਂ ਖਤਰਨਾਕ ਅੱਤਵਾਦੀ ਫਿਰਕੂ ਜਥੇਬੰਦੀ ਹੈ ਜਿਹੜੀ ‘‘ਹਿੰਦੂ ਧਰਮ’’ ਦੀ ਦੁਰਵਰਤੋਂ ਕਰਕੇ ਦੇਸ਼ ਵਿਚ ਅਰਾਜਕਤਾ ਫੈਲਾਉਣ ਦਾ ਕੰਮ ਕਰ ਰਹੀ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ, ਸੰਵਿਧਾਨ ਅਤੇ ਜਮਹੂਰੀਅਤ ਵਾਸਤੇ ਅਸਲੀ ਖਤਰਾ ਬਣੀ ਹੋਈ ਹੈ। ਭਾਜਪਾ ਅਜਿਹੀ ਦੇਸ਼ਧ੍ਰੋਹੀ ਸੰਸਥਾ ਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਦੇ ਕੇ ਇਤਿਹਾਸ ਨੂੰ ਤੋੜ-ਮਰੋੜ ਕੇ ਸਚਾਈ ਨੂੰ ਕਤਲ ਨਹੀਂ ਕਰ ਸਕਦੀ।
ਸੀ ਪੀ ਆਈ ਨੇ ਸਾਰੀਆਂ ਜਮਹੂਰੀ, ਦੇਸ਼ ਭਗਤ ਅਤੇ ਖੱਬੀਆਂ ਸ਼ਕਤੀਆਂ ਦੀ ਵਿਸ਼ਾਲ ਅਤੇ ਸ਼ਕਤੀਸ਼ਾਲੀ ਏਕਤਾ ਰਾਹੀਂ ਇਹਨਾਂ ਫਿਰਕੂ ਸ਼ਕਤੀਆਂ ਨੂੰ ਸੱਤਾ ਤੋਂ ਲਾਹ ਸੁੱਟਣ ਦੀ ਆਵੱਸ਼ਕਤਾ ’ਤੇ ਜ਼ੋਰ ਦਿੰਦਿਆਂ ਹੋਇਆਂ ਦੇਸ਼ ਦੇ ਸੈਕੂਲਰ ਅਤੇ ਜਮਹੂਰੀ ਢਾਂਚੇ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ।





