ਵਾਂਗਚੁੱਕ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ

0
123

ਜਲੰਧਰ (ਰਾਜੇਸ਼ ਥਾਪਾ)-ਐਡਵੋਕੇਟਸ ਫਾਰ ਫਾਰਮਰਜ਼ ਐਂਡ ਲੇਬਰਰਜ਼ ਜਲੰਧਰ ਨੇ ਜਲਵਾਯੂ ਕਾਰਕੁੰਨ ਸੋਨਮ ਵਾਂਗਚੁੱਕ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਹੈ। ਸੰਸਥਾ ਦੀ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ 24 ਸਤੰਬਰ ਨੂੰ ਲੱਦਾਖ ਨੂੰ ਰਾਜ ਦਾ ਰੁਤਬਾ ਦੇਣ ਤੇ ਸੰਵਿਧਾਨ ਦੇ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕਰਨ ਵਾਲੇ ਨਿਹੱਥੇ ਅੰਦੋਲਨਕਾਰੀਆਂ ’ਤੇ ਲੇਹ ਵਿੱਚ ਕੇਂਦਰ ਸਰਕਾਰ ਦੇ ਕਹਿਣ ’ਤੇ ਪੁਲਸ ਅਤੇ ਸੀ ਆਰ ਪੀ ਐਫ ਨੇ ਗੋਲੀਆਂ ਚਲਾ ਕੇ 4 ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਤੇ ਕਈ ਹੋਰਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਕੌਮੀ ਤੇ ਕੌਮਾਂਤਰੀ ਸਨਮਾਨਪ੍ਰਾਪਤ ਸੋਨਮ ਵਾਂਗਚੁੱਕ ਨੂੰ ਐੱਨ ਐੱਸ ਏ ਤਹਿਤ ਫੜ ਕੇ ਜੋਧਪੁਰ ਜੇਲ੍ਹ ਵਿੱਚ ਡੱਕ ਦਿੱਤਾ। ਸੰਸਦ ਦੇ ਜਨਰਲ ਸਕੱਤਰ ਐਡਵੋਕੇਟ ਰਾਜੂ ਅੰਬੇਡਕਰ ਨੇ ਕਿਹਾ ਕਿ ਸੋਨਮ ਵਾਂਗਚੁੱਕ ਵਾਰ-ਵਾਰ ਕੇਂਦਰ ਸਰਕਾਰ ਨੂੰ ਖਬਰਦਾਰ ਕੀਤਾ ਕਿ ਕਿਵੇਂ ਚੀਨ ਭਾਰਤ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰੀ ਜਾ ਰਿਹਾ ਹੈ ਅਤੇ ਉਸਨੇ ਚੀਨ ਦੇ ਸਮਾਨ ਦੇ ਬਾਈਕਾਟ ਦੀ ਮੁਹਿੰਮ ਚਲਾਈ ਹੋਈ ਸੀ। ਵਾਂਗਚੁੱਕ ਆਪਣੀ ਐਨ ਜੀ ਓ ਅਤੇ ਸਕੂਲਾਂ ਰਾਹੀਂ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਵੀ ਦੇ ਰਿਹਾ ਸੀ। ਸੰਸਥਾ ਨੇ ਮੰਗ ਕੀਤੀ ਹੈ ਕਿ ਵਾਂਗਚੁੱਕ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਅਤੇ ਜਿਹੜੇ ਲੋਕ ਅੰਦੋਲਨ ਦੌਰਾਨ ਮਾਰੇ ਗਏ ਅਤੇ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਸੰਸਥਾ ਦੇ ਮੌਜੂਦ ਸਾਰੇ ਮੈਂਬਰਾਂ ਨੇ ਇਹ ਪ੍ਰਣ ਲਿਆ ਕਿ ਉਹ ਲੱਦਾਖ ਦੇ ਲੋਕਾਂ ਨਾਲ ਡੱਟ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇ ਲੱਦਾਖੀਆਂ ਹੱਕ ਵਿੱਚ ਅੰਦੋਲਨ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਮੀਟਿੰਗ ਵਿੱਚ ਐਡਵੋਕੇਟ ਰਜਿੰਦਰ ਸਿੰਘ ਮੰਡ, ਐਡਵੋਕੇਟ ਅਮਨਦੀਪ ਸਿੰਘ ਜੰਮੂ, ਐਡਵੋਕੇਟ ਕਰਨਜੀਤ ਸਿੰਘ ਰੰਧਾਵਾ, ਐਡਵੋਕੇਟ ਦਲੀਪ ਕੁਮਾਰ, ਐਡਵੋਕੇਟ ਗੁਰਪ੍ਰੀਤ ਕੌਰ, ਐਡਵੋਕੇਟ ਟੀਨਾ, ਐਡਵੋਕੇਟ ਲਵਪ੍ਰੀਤ ਸੁਮਨ, ਐਡਵੋਕੇਟ ਡੌਲੀ ਹੀਰ, ਸ਼ਿਸ਼ਮਾ ਅਤੇ ਐਡਵੋਕੇਟ ਬਖਸ਼ੋ ਹਾਜ਼ਰ ਸਨ।