ਸ਼ਿਲਾਂਗ : ਮੇਘਾਲਿਆ ਦੇ ਪੱਛਮੀ ਜੈਂਤੀਆ ਹਿੱਲਜ਼ ਜ਼ਿਲ੍ਹੇ ’ਚ ਭੀੜ ਨੇ ਕਥਿਤ ਤੌਰ ’ਤੇ ਜੇਲ੍ਹ ਤੋਂ ਫਰਾਰ ਹੋਏ ਚਾਰ ਵਿਚਾਰ ਅਧੀਨ ਕੈਦੀਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ 10 ਸਤੰਬਰ ਨੂੰ 6 ਕੈਦੀਆਂ ਦਾ ਇਕ ਗਰੁੱਪ ਜੋਵਈ ਜੇਲ ’ਚ ਸਟਾਫ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਅਤੇ ਉਨ੍ਹਾਂ ’ਚੋਂ ਪੰਜ ਐਤਵਾਰ ਨੂੰ ਕਰੀਬ 70 ਕਿਲੋਮੀਟਰ ਦੂਰ ਸਾਂਗਪੁੰਗ ਪਿੰਡ ਪਹੁੰਚ ਗਏ ਸਨ। ਪਿੰਡ ਦੇ ਸਰਪੰਚ ਆਰ ਰਾਬੋਨ ਨੇ ਦੱਸਿਆ ਕਿ ਐਤਵਾਰ ਦੁਪਹਿਰੇ ਕਰੀਬ 3 ਵਜੇ ਜਦੋਂ ਇਕ ਕੈਦੀ ਚਾਹ ਦੀ ਦੁਕਾਨ ’ਤੇ ਖਾਣ-ਪੀਣ ਦਾ ਸਮਾਨ ਲੈਣ ਗਿਆ ਤਾਂ ਸਥਾਨਕ ਲੋਕਾਂ ਨੇ ਉਸ ਨੂੰ ਪਛਾਣ ਲਿਆ ਅਤੇ ਪੂਰੇ ਇਲਾਕੇ ਨੂੰ ਸੂਚਨਾ ਦਿੱਤੀ। ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਕੈਦੀਆਂ ਦਾ ਨਜ਼ਦੀਕੀ ਜੰਗਲ ਤਕ ਪਿੱਛਾ ਕੀਤਾ। ਘਟਨਾ ਦੀ ਇੱਕ ਕਥਿਤ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਗੁੱਸੇ ’ਚ ਆਏ ਪਿੰਡ ਵਾਸੀ ਕੈਦੀਆਂ ਨੂੰ ਡੰਡਿਆਂ ਆਦਿ ਨਾਲ ਬੇਰਹਿਮੀ ਨਾਲ ਕੁੱਟਦੇ ਦਿਖਾਈ ਦੇ ਰਹੇ ਹਨ। ਰਾਬੋਨ ਨੇ ਦੱਸਿਆ ਕਿ ਹਮਲੇ ’ਚ ਚਾਰ ਕੈਦੀ ਮਾਰੇ ਗਏ ਜਦਕਿ ਇਕ ਭੱਜ ਗਿਆ। ਵੈਸਟ ਜੈਂਤੀਆ ਹਿਲਜ਼ ਦੇ ਐਸ ਪੀ ਬੀਕੇ ਮਾਰਕ ਨੇ ਦੱਸਿਆ ਕਿ ਜੇਲ੍ਹ ਕਰਮਚਾਰੀਆਂ ਖਿਲਾਫ ਜੋਵਈ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ ਅਤੇ ਪੰਜ ਮੁਲਾਜ਼ਮਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਚੀਫ ਵਾਰਡਨ ਅਤੇ ਚਾਰ ਵਾਰਡਨ ਸਾਮਲ ਹਨ।