ਨਵੀਂ ਦਿੱਲੀ : ਸਰਕਾਰ ਟੋਲ ਪਲਾਜ਼ਾ ’ਤੇ ਵਾਹਨਾਂ ਦੀ ਭੀੜ ਘਟਾਉਣ ਅਤੇ ਵਾਹਨ ਚਾਲਕਾਂ ਨੂੰ ਟੋਲ ਦੇਣ ਦੇ ਤਰੀਕੇ ਵਿਚ ਰਾਹਤ ਦੇਣ ਲਈ ਇਕ ਸਵੈਚਾਲਕ ਨੰਬਰ ਪਲੇਟ ਪਛਾਣ ਤਕਨੀਕ ’ਤੇ ਕੰਮ ਕਰ ਰਹੀ ਹੈ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਦੱਸਿਆ ਕਿ ਇਸ ਲਈ ਸਰਕਾਰ ਇਕ ਪਾਇਲਟ ਪ੍ਰਾਜੈਕਟ ’ਤੇ ਕੰਮ ਕਰ ਰਹੀ ਹੈ, ਜਿਸ ਰਾਹੀਂ ਸ਼ਾਹਰਾਹਾਂ ’ਤੇ ਚੱਲਣ ਵਾਲੇ ਵਾਹਨਾਂ ਤੋਂ ਇਕ ਨਿਸ਼ਚਿਤ ਦੂਰੀ ਦੇ ਆਧਾਰ ’ਤੇ ਟੈਕਸ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਸਰਕਾਰ ਸੂਰਜੀ ਊਰਜਾ ਨਾਲ ਚੱਲਣ ਵਾਲੇ ਬਿਜਲੀ ਸ਼ਾਹਰਾਹ ਵੀ ਬਣਾ ਰਹੀ ਹੈ, ਜਿਸ ’ਤੇ ਭਾਰੀ ਟਰੱਕਾਂ ਅਤੇ ਬੱਸਾਂ ਨੂੰ ਚਾਰਜਿੰਗ ਦੀ ਸਹੂਲਤ ਮਿਲੇਗੀ। ਇੰਡੋ-ਅਮੈਰੀਕਨ ਚੈਂਬਰ ਆਫ ਕਾਮਰਸ ਵੱਲੋਂ ਕਰਵਾਏ ਇਕ ਸਮਾਗਮ ਵਿਚ ਬੋਲਦਿਆਂ ਉਨ੍ਹਾ ਕਿਹਾ ਕਿ ਸਰਕਾਰ ਭਾਰਤ ਦਾ ਟਰਾਂਸਪੋਰਟ ਸਿਸਟਮ ਬਿਜਲੀ ਅਧਾਰਤ ਬਣਾਉਣਾ ਚਾਹੁੰਦੀ ਹੈ। ਟਰਾਂਸਪੋਰਟ ਮੰਤਰਾਲਾ ਵਾਹਨਾਂ ਨੂੰ ਬਿਨਾਂ ਰੋਕੇ ਸਵੈਚਾਲਤ ਟੋਲ ਕੁਲੈਕਸ਼ਨ ਤਕਨੀਕ ਰਾਹੀਂ ਆਟੋਮੇਟਿਡ ਨੰਬਰ ਪਲੇਟ ਪਛਾਣ ਤਕਨੀਕ ਦੇ ਇਕ ਪਾਇਲਟ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹੈ। ਇਸ ਨਵੀਂ ਤਕਨੀਕ ਨਾਲ ਅਸੀਂ ਦੋ ਚੀਜ਼ਾਂ ਕਰਨਾ ਚਾਹੁੰਦੇ ਹਾਂਟੋਲ ਬੂਥ ’ਤੇ ਬਿਨਾਂ ਰੁਕੇ ਆਵਾਜਾਈ ਅਤੇ ਵਰਤੋਂ ਅਨੁਸਾਰ ਭੁਗਤਾਨ। ਉਨ੍ਹਾ ਕਿਹਾ ਕਿ ਟੋਲ ਪਲਾਜ਼ਾ ’ਤੇ 2018-19 ਦੌਰਾਨ ਵਾਹਨਾਂ ਦਾ ਔਸਤ ਵੇਟਿੰਗ ਟਾਈਮ 8 ਮਿੰਟ ਸੀ, ਜੋ ਫਾਸਟ ਟੈਗ ਬਾਅਦ ਘਟ ਕੇ 47 ਸਕਿੰਟ ਰਹਿ ਗਿਆ ਹੈ। ਉਨ੍ਹਾ ਕਿਹਾ ਕਿ ਸੁਚਾਰੂ ਤੇ ਸੁਰੱਖਿਅਤ ਆਵਾਜਾਈ ਲਈ ਨਵੇਂ ਬਣ ਰਹੇ ਕੌਮੀ ਮਾਰਗਾਂ ਅਤੇ ਮੌਜੂਦਾ ਫੋਰ ਲੇਨ ਸ਼ਾਹਰਾਹਾਂ ’ਤੇ ਉੱਨਤ ਆਵਾਜਾਈ ਪ੍ਰਬੰਧਨ ਪ੍ਰਣਾਲੀ ਸਥਾਪਤ ਕੀਤੀ ਜਾ ਰਹੀ ਹੈ।