ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਦਾਲਤ ‘ਚ ਸ਼ਬਦੀ ਜੰਗ ਦੌਰਾਨ ਵਕੀਲਾਂ ਵੱਲੋਂ ਮੋਬਾਇਲ ਫੋਨ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਜ਼ ਤੇ ਗੂਗਲ ਦੀ ਵਰਤੋਂ ਕਰ ਕੇ ਜਵਾਬ ਦੇਣ ਦੀ ਬਿਰਤੀ ‘ਤੇ ਕਾਫੀ ਨਾਰਾਜ਼ਗੀ ਜਤਾਈ ਹੈ | ਅਦਾਲਤ ਨੇ ਇਸ ਨੂੰ ਅਨੁਸ਼ਾਸਨਹੀਣ ਤੇ ਗੈਰ-ਪੇਸ਼ੇਵਰ ਰਵੱਈਆ ਕਰਾਰ ਦਿੰਦਿਆਂ ਇਕ ਵਕੀਲ ਦਾ ਮੋਬਾਇਲ ਫੋਨ ਆਰਜ਼ੀ ਤੌਰ ‘ਤੇ ਜ਼ਬਤ ਵੀ ਕਰ ਲਿਆ | ਜਸਟਿਸ ਸੰਜੈ ਵਸ਼ਿਸ਼ਟ ਨੇ ਸਾਫ਼ ਕੀਤਾ ਕਿ ਅਦਾਲਤ ‘ਚ ਅਜਿਹਾ ਵਿਹਾਰ ਬਿਲਕੁਲ ਬਰਦਾਸ਼ਤ ਨਹੀਂ | ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਬਹਿਸ ਦੌਰਾਨ ਮੋਬਾਇਲ ਦੀ ਵਰਤੋਂ ਅਦਾਲਤ ਪ੍ਰਤੀ ਅਪਮਾਨ ਤੇ ਗੈਰ-ਪੇਸ਼ੇਵਰ ਰਵੱਈਏ ਨੂੰ ਦਰਸਾਉਂਦੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਦੂਜੀ ਗੱਲ, ਮੋਬਾਇਲ ਫੋਨ ਨੂੰ ਪੇਸ਼ੇਵਰ ਉਪਕਰਨ ਨਹੀਂ ਮੰਨਿਆ ਜਾ ਸਕਦਾ | ਲੈਪਟਾਪ ਜਾਂ ਆਈਪੈਡ ਵਰਗੇ ਉਪਕਰਨ ਦਫਤਰ ਦੇ ਸੈਟਅਪ ਤੇ ਕੇਸ ਫਾਈਲਾਂ ਨਾਲ ਜੁੜੇ ਹੁੰਦੇ ਹਨ, ਪਰ ਮੋਬਾਇਲ ਫੋਨ ਨਿੱਜੀ ਉਪਕਰਨ ਹਨ, ਜਿਨ੍ਹਾਂ ਦੀ ਵਰਤੋਂ ਅਦਾਲਤ ਦੀ ਕਾਰਵਾਈ ‘ਚ ਢੁਕਵੀਂ ਨਹੀਂ | ਉਨ੍ਹਾ ਕਿਹਾ ਕਿ ਹਾਲੀਆ ਦਿਨਾਂ ‘ਚ ਇਹ ਦੇਖਿਆ ਗਿਆ ਹੈ ਕਿ ਕਈ ਵਕੀਲ ਅਦਾਲਤ ‘ਚ ਖੜ੍ਹੇ ਹੋ ਕੇ ਮੋਬਾਇਲ ‘ਤੇ ਜਾਣਕਾਰੀ ਲੱਭਦੇ ਹਨ, ਜਿਸ ਨਾਲ ਕਾਰਵਾਈ ‘ਚ ਵਿਘਨ ਪੈਂਦਾ ਹੈ ਤੇ ਅਦਾਲਤ ਨੂੰ ਉਨ੍ਹਾਂ ਦੇ ਇੰਤਜ਼ਾਰ ‘ਚ ਸੁਣਵਾਈ ਰੋਕਣੀ ਪੈਂਦੀ ਹੈ | ਜਸਟਿਸ ਨੇ ਹੁਕਮ ਦਿੱਤਾ ਕਿ ਇਸ ਆਦੇਸ਼ ਦੀ ਕਾਪੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਕੱਤਰ ਨੂੰ ਭੇਜੀ ਜਾਵੇ, ਤਾਂ ਜੋ ਉਹ ਆਪਣੇ ਮੈਂਬਰਾਂ ਨੂੰ ਚਿਤਾਵਨੀ ਦੇ ਸਕਣ, ਤਾਂ ਜੋ ਭਵਿੱਖ ਵਿਚ ਅਦਾਲਤ ਨੂੰ ਕੋਈ ਕਠੋਰ ਕਦਮ ਉਠਾਉਣ ਲਈ ਮਜਬੂਰ ਨਾ ਹੋਣਾ ਪਵੇ |




