ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਮਹੱਤਵਪੂਰਨ ਫੈਸਲੇ ਵਿਚ ਕੇਂਦਰ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਫੌਜ ਵਿਚ ਸੇਵਾ ਦੌਰਾਨ ਬਿਮਾਰ ਹੋਏ ਫੌਜ ਦੇ ਜਵਾਨ ਦੀ ਮੌਤ ਨੂੰ ਫ਼ੌਜੀ ਸੇਵਾ ਨਾਲ ਸੰਬੰਧਤ ਮੰਨਿਆ ਜਾਵੇਗਾ ਅਤੇ ਉਸ ਦੇ ਪਰਵਾਰ ਨੂੰ ਵਿਸ਼ੇਸ਼ ਪਰਵਾਰਕ ਪੈਨਸ਼ਨ ਪ੍ਰਾਪਤ ਕਰਨ ਦਾ ਹੱਕ ਹੋਵੇਗਾ | ਸਲੋਚਨਾ ਵਰਮਾ ਦੇ ਪੁੱਤਰ ਦੀ ਮੌਤ ਸਾਲ 2009 ਵਿਚ ‘ਰੇਟਰੋਪਰਿਟੋਨੀਅਲ ਸਾਰਕੋਮਾ ਵਿਦ ਵਾਈਡਸਪ੍ਰੈਡ ਮੈਟਾਸਟੇਸਿਸ’ ਨਾਮਕ ਕੈਂਸਰ ਦੀ ਬਿਮਾਰੀ ਕਾਰਨ ਹੋਈ ਸੀ | ਉਹ ਸਾਲ 2003 ਵਿਚ ਫੌਜ ਵਿਚ ਭਰਤੀ ਹੋਏ ਸਨ ਅਤੇ ਛੇ ਸਾਲਾਂ ਤੱਕ ਸੇਵਾ ਕੀਤੀ | ਭਰਤੀ ਦੇ ਸਮੇਂ ਉਹ ਪੂਰੀ ਤਰ੍ਹਾਂ ਸਿਹਤਮੰਦ ਸਨ | ਆਰਮਡ ਫੋਰਸ ਟਿ੍ਬਿਊਨਲ ਚੰਡੀਗੜ੍ਹ ਨੇ 2019 ਵਿਚ ਹੁਕਮ ਦਿੱਤਾ ਸੀ ਕਿ ਇਹ ਬਿਮਾਰੀ ਫੌਜ ਦੀ ਸੇਵਾ ਦੀਆਂ ਹਾਲਤਾਂ ਨਾਲ ਜੁੜੀ ਹੋਈ ਮੰਨੀ ਜਾਵੇ ਅਤੇ ਉਸ ਦੀ ਮਾਂ ਨੂੰ ਵਿਸ਼ੇਸ਼ ਪਰਵਾਰਕ ਪੈਨਸ਼ਨ ਦਿੱਤੀ ਜਾਵੇ, ਪਰ ਕੇਂਦਰ ਸਰਕਾਰ ਨੇ ਇਸ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੈਡੀਕਲ ਬੋਰਡ ਨੇ ਬਿਮਾਰੀ ਨੂੰ ‘ਸੈਨਿਕ ਸੇਵਾ ਨਾਲ ਅਸੰਬੰਧਤ’ ਦੱਸਿਆ, ਇਸ ਲਈ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਜਾ ਸਕਦਾ | ਇਸ ‘ਤੇ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਵਿਕਾਸ ਸੂਰੀ ਦੀ ਬੈਂਚ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਫੌਜ ਵਿਚ ਭਰਤੀ ਹੁੰਦਾ ਹੈ ਅਤੇ ਉਸ ਸਮੇਂ ਸਿਹਤਮੰਦ ਪਾਇਆ ਜਾਂਦਾ ਹੈ, ਤਾਂ ਬਾਅਦ ਵਿਚ ਹੋਣ ਵਾਲੀ ਕੋਈ ਵੀ ਗੰਭੀਰ ਬਿਮਾਰੀ ਸੇਵਾ ਨਾਲ ਜੁੜੀ ਮੰਨੀ ਜਾਵੇਗੀ, ਜਦ ਤੱਕ ਸਰਕਾਰ ਇਸ ਦੇ ਖ਼ਿਲਾਫ਼ ਠੋਸ ਸਬੂਤ ਪੇਸ਼ ਨਾ ਕਰੇ | ਅਦਾਲਤ ਨੇ ਕਿਹਾ ਕਿ ਇਹ ਮੰਨਣਾ ਬੇਇਨਸਾਫ਼ੀ ਹੋਵੇਗੀ ਕਿ ਭਰਤੀ ਦੇ ਸਮੇਂ ਅਜਿਹੀ ਗੰਭੀਰ ਬਿਮਾਰੀ ਮੌਜੂਦ ਸੀ ਅਤੇ ਫਿਰ ਵੀ ਇਸ ਦਾ ਪਤਾ ਨਹੀਂ ਲੱਗਿਆ | ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਸੁਪਰੀਮ ਕੋਰਟ ਦੇ ਕਈ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਬਿਮਾਰੀ ਸੇਵਾ ਦੌਰਾਨ ਵਿਕਸਤ ਹੁੰਦੀ ਹੈ ਤਾਂ ਇਹ ਫ਼ੌਜੀ ਸੇਵਾ ਦੀਆਂ ਹਾਲਤਾਂ, ਤਣਾਅ ਜਾਂ ਡਿਊਟੀ ਦੇ ਕਾਰਨ ਮੰਨੀ ਜਾਵੇਗੀ |
ਅਦਾਲਤ ਨੇ ਇਹ ਵੀ ਸਾਫ ਕੀਤਾ ਕਿ ਕੈਂਸਰ ਵਰਗੀਆਂ ਬਿਮਾਰੀਆਂ, ਸਿਵਾਏ ਉਨ੍ਹਾਂ ਮਾਮਲਿਆਂ ਦੇ, ਜੋ ਸਿਗਰਟਨੋਸ਼ੀ ਵਰਗੇ ਨਿੱਜੀ ਕਾਰਨਾਂ ਕਾਰਨ ਪੈਦਾ ਹੁੰਦੀਆਂ ਹਨ, ਆਮ ਤੌਰ ‘ਤੇ ਸੇਵਾ ਦੀਆਂ ਹਾਲਤਾਂ ਨਾਲ ਜੁੜੀਆਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ |




