ਬਿਜਲੀ ਮੁਲਾਜ਼ਮਾਂ ਦੀਆਂ ਪਰਾਲੀ ਸਾੜਣ ਤੋਂ ਰੋਕਣ ਲਈ ਲਗਾਈਆਂ ਡਿਊਟੀਆਂ ਕੱਟਣ ਦੀ ਮੰਗ

0
158

ਪਟਿਆਲਾ : ਪਾਵਰਕਾਮ ਅਦਾਰੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਤ ਸੂਬਾ ਪੱਧਰ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਹਾਜ਼ਰ ਆਗੂਆਂ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਕੁਲਵਿੰਦਰ ਸਿੰਘ ਢਿੱਲੋਂ, ਗੁਰਭੇਜ ਸਿੰਘ ਢਿੱਲੋਂ, ਸਰਿੰਦਰਪਾਲ ਲਹੌਰੀਆ, ਬਲਜੀਤ ਸਿੰਘ ਮੋਦਲਾ, ਰਵੇਲ ਸਿੰਘ ਸਹਾਏਪੁਰ, ਦਵਿੰਦਰ ਸਿੰਘ ਪਿਸ਼ੌ, ਰਣਜੀਤ ਸਿੰਘ ਢਿੱਲੋਂ, ਜਸਬੀਰ ਸਿੰਘ ਆਂਡਲੂ, ਰਾਧੇਸ਼ਿਆਮ, ਬੀ ਐੱਸ ਸੇਖੋਂ, ਕÏਰ ਸਿੰਘ ਸੋਹੀ, ਦਲੀਪ ਕੁਮਾਰ, ਗੁਰਪਿਆਰ ਸਿੰਘ ਨੇ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪਹਿਲਾਂ ਹੀ ਕੰਮ ਦੇ ਬੋਝ ਹੇਠਾਂ ਦੱਬੇ ਬਿਜਲੀ ਮੁਲਾਜ਼ਮਾਂ ਦੀਆਂ ਪਰਾਲੀ (ਰਹਿੰਦ-ਖੂੰਹਦ) ਨੂੰ ਕਿਸਾਨਾਂ ਵੱਲੋਂ ਲਗਾਈ ਜਾ ਰਹੀ ਅੱਗ ਨੂੰ ਰੋਕੇ ਜਾਣ ਲਈ ਸਿਵਲ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਲਗਾਈਆਂ ਡਿਊਟੀਆਂ ਤੁਰੰਤ ਕੱਟੀਆਂ ਜਾਣ | ਆਗੂਆਂ ਕਿਹਾ ਕਿ ਪੀ ਐੱਸ ਪੀ ਸੀ ਐੱਲ ਅਦਾਰੇ ਦੇ ਮੁਲਾਜ਼ਮ ਵਿਭਾਗ ਵਿੱਚ ਪੰਜਾਹ ਹਜ਼ਾਰ ਦੇ ਕਰੀਬ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਐਮਰਜੈਂਸੀ ਸੇਵਾਵਾਂ ਹੋਣ ਕਰਕੇ ਦਿਨ-ਰਾਤ ਡਿਊਟੀਆਂ ਕਰਕੇ ਬਹੁਤ ਕਠਿਨ ਹਾਲਤਾਂ ਵਿੱਚ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਇਲਾਵਾ ਨਵੇਂ ਕੁਨੈਕਸ਼ਨ ਜਾਰੀ ਕਰਨ ਸਮੇਤ ਹੋਰ ਲੋੜੀਂਦੇ ਟੀਚੇ ਪੂਰੇ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ |
ਆਗੂਆਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਿਵਲ ਪ੍ਰਸ਼ਾਸਨ ਨੇ ਇਸ ਮਸਲੇ ਦੇ ਹੱਲ ਲਈ ਠੋਸ ਨੀਤੀ ਬਣਾਉਣ ਦੀ ਬਜਾਏ ਬਿਜਲੀ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਸੰਘਰਸ਼ਾਂ ਰਾਹੀਂ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ, ਜਿਸ ਤੋਂ ਨਿਕਲੇ ਸਿੱਟਿਆ ਦੀ ਜ਼ਿੰਮੇਵਾਰੀ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ |