ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਉਮੀਦਵਾਰ ਬਣਾਇਆ

0
36

ਅੰਮਿ੍ਤਸਰ : ਵਾਰਸ ਪੰਜਾਬ ਦੇ ਜਥੇਬੰਦੀ ਸਮੇਤ ਵੱਖ-ਵੱਖ ਪੰਥਕ ਧਿਰਾਂ ਵੱਲੋਂ ਸੁਧੀਰ ਸੂਰੀ ਕਤਲ ਮਾਮਲੇ ਵਿਚ ਜੇਲ੍ਹ ‘ਚ ਬੰਦ ਸੰਦੀਪ ਸਿੰਘ ਸੰਨੀ ਦੇ ਵੱਡੇ ਭਰਾ ਮਨਦੀਪ ਸਿੰਘ ਨੂੰ ਤਰਨ ਤਾਰਨ ਉਪ ਚੋਣ ਲਈ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਸਮੂਹ ਪੰਥਕ ਧਿਰਾਂ ਵੱਲੋਂ ਸੰਦੀਪ ਸਿੰਘ ਸੰਨੀ ਨੂੰ ਉਪ ਚੋਣ ਤਰਨ ਤਰਨ ਲਈ ਟਿਕਟ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਸੰਨੀ ਅਤੇ ਉਨ੍ਹਾ ਦੇ ਪਰਿਵਾਰ ਦੀ ਇੱਛਾ ਅਨੁਸਾਰ ਸੰਨੀ ਦੇ ਵੱਡੇ ਭਰਾ ਮਨਦੀਪ ਸਿੰਘ ਨੂੰ ਸਮੂਹ ਪੰਥਕ ਧਿਰਾਂ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ |
ਕੇਜਰੀਵਾਲ ਨੂੰ ਬੰਗਲਾ ਅਲਾਟ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 95-ਲੋਧੀ ਅਸਟੇਟ ਵਾਲੀ ਰਿਹਾਇਸ਼ ਵਿੱਚ ਰਹਿਣਗੇ, ਜੋ ਉਨ੍ਹਾ ਨੂੰ ਦਿੱਲੀ ਹਾਈ ਕੋਰਟ ਵੱਲੋਂ ਕੇਂਦਰ ਨੂੰ ਝਾੜ ਪਾਉਣ ਤੋਂ ਬਾਅਦ ਅਲਾਟ ਕੀਤਾ ਗਿਆ ਹੈ | ਕੇਜਰੀਵਾਲ ਨੂੰ ਰਾਜਧਾਨੀ ਵਿੱਚ ਟਾਈਪ-7 ਬੰਗਲਾ ਅਲਾਟ ਕੀਤਾ ਗਿਆ ਹੈ |
ਪਾਕਿ ‘ਚ ਰੇਲ ਟਰੈਕ ‘ਤੇ ਧਮਾਕੇ ਨਾਲ ਗੱਡੀ ਲੀਹ ਤੋਂ ਲੱਥੀ, ਕਈ ਜ਼ਖਮੀ
ਪੇਸ਼ਾਵਰ : ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਸਿੰਧ ਵਿੱਚ ਮੰਗਲਵਾਰ ਇੱਕ ਰੇਲਵੇ ਟਰੈਕ ‘ਤੇ ਹੋਏ ਧਮਾਕੇ ਕਾਰਨ ਰੇਲ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ | ਇਸ ਕਾਰਨ ਕਈ ਲੋਕ ਜ਼ਖਮੀ ਹੋ ਗਏ | ਪੇਸ਼ਾਵਰ ਜਾ ਰਹੀ ਜਾਫ਼ਰ ਅੱੈਕਸਪ੍ਰੈੱਸ ਦੇ ਜ਼ਖਮੀ ਯਾਤਰੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ | ਇਸ ਸਾਲ ਦੌਰਾਨ ਇਸ ਰੇਲ ਗੱਡੀ ‘ਤੇ ਕਈ ਵਾਰ ਹਮਲੇ ਹੋ ਚੁੱਕੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸਿੰਧ ਦੇ ਸ਼ਿਕਾਰਪੁਰ ਜ਼ਿਲ੍ਹੇ ਵਿੱਚ ਸੁਲਤਾਨ ਕੋਟ ਦੇ ਨੇੜੇ ਸੋਮਰਵਾਹ ਨੇੜੇ ਹੋਇਆ | ਪੁਲਸ ਨੇ ਦੱਸਿਆ ਕਿ ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ | ਪੁਲਸ ਅਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ | ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਰੇਲਵੇ ਟਰੈਕ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ |